ਬਠਿੰਡਾ, 1 ਅਕਤੂਬਰ (ਦਲਜੀਤ ਸਿੰਘ)- ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮੰਤਰੀ ਬਣਦੇ ਸਾਰ ਹੀ ਸਾਰੇ ਬੱਸ ਅੱਡਿਆਂ ਤੋਂ ਕਬਜ਼ੇ ਹਟਾਉਣ ਦੇ ਨਿਰਦੇਸ਼ ਦਿੱਤੇ ਸਨ। ਅੱਜ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਵੱਡੀ ਕਾਰਵਾਈ ਕਰਦੇ ਹੋਏ ਬਠਿੰਡਾ ਦੇ ਬੱਸ ਅੱਡੇ ’ਚ ਬਾਦਲਾਂ ਦੀ ਮਲਕੀਅਤ ਵਾਲੀ ਕੰਪਨੀ ਔਰਬਿਟ ਦਾ ਦਫ਼ਤਰ ਵੀ ਹਟਾ ਦਿੱਤਾ ਗਿਆ। ਇਸਦੇ ਨਾਲ ਹੀ ਪੀ. ਆਰ. ਟੀ. ਸੀ. ਦੇ ਪ੍ਰਸ਼ਾਸਨ ਨੇ ਉਸ ਜਗ੍ਹਾ ਨੂੰ ਵੀ ਹਟਾ ਦਿੱਤਾ ਹੈ, ਜਿੱਥੇ ਹੋਰ ਲੋਕਾਂ ਦਾ ਕਬਜ਼ਾ ਸੀ ਅਤੇ ਬੱਸ ਅੱਡੇ ’ਤੇ ਸਫਾਈ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਪੀ. ਆਰ. ਟੀ. ਸੀ. ਦੇ ਮੁੱਖ ਇੰਸਪੈਕਟਰ ਗੁਰਜੰਟ ਸਿੰਘ ਦੇ ਅਨੁਸਾਰ ਸਰਕਾਰ ਅਤੇ ਮੰਤਰੀ ਦੀ ਤਰਫੋਂ ਉਨ੍ਹਾਂ ਨੂੰ ਆਦੇਸ਼ ਦਿੱਤੇ ਗਏ ਹਨ ਕਿ ਬੱਸ ਅੱਡੇ ’ਤੇ ਕੋਈ ਵੀ ਨਿਵੇਸ਼ ਨਾ ਕੀਤਾ ਜਾਵੇ ਅਤੇ ਨਾਜਾਇਜ਼ ਕਬਜ਼ਿਆਂ ਨੂੰ ਹਟਾਇਆ ਜਾਵੇ। ਜਿਸ ਦੇ ਚਲਦਿਆਂ ਇਹ ਦਫ਼ਤਰ ਵੀ ਹਟਾ ਦਿੱਤਾ ਗਿਆ ਹੈ।
ਦੱਸਣਯੋਗ ਹੈ ਕਿ ਕੈਬਨਿਟ ਮੰਤਰੀ ਬਣਨ ਤੋਂ ਬਾਅਦ ਪਹਿਲੀ ਵਾਰ ਆਪਣੇ ਜੱਦੀ ਜ਼ਿਲ੍ਹੇ ਸ੍ਰੀ ਮੁਕਤਸਰ ਸਾਹਿਬ ਵਿਖੇ ਪਹੁੰਚੇ ਗਿੱਦੜਬਾਹਾ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੱਡਾ ਦਾਅਵਾ ਕੀਤਾ ਸੀ। ਉਨ੍ਹਾਂ ਕਿਹਾ ਕਿ 15 ਦਿਨਾਂ ’ਚ ਟਰਾਂਸਪੋਰਟ ਮਾਫੀਆ ਖ਼ਤਮ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹਰ ਤਰ੍ਹਾਂ ਦਾ ਮਾਫੀਆ ਖ਼ਤਮ ਕਰ ਦੇਵੇਗੀ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ’ਚ ਲੋਕ ਹਿੱਤਾਂ ਦੇ ਫੈਸਲੇ ਲਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਟਰਾਂਸਪੋਰਟ ਮੰਤਰੀ ਵਜੋਂ ਉਹ ਵਾਅਦਾ ਕਰਦੇ ਹਨ ਕਿ ਵਿਭਾਗ ’ਚ ਲੋਕ ਹਿਤਾਂ ਦੇ ਵੱਡੇ ਕਾਰਜ ਹੋਣਗੇ। 15-15 ਸਾਲ ਤੋਂ ਜੋ ਰੂਟ ਨਹੀਂ ਬਣੇ ਉਹ ਹੁਣ ਬਣਨਗੇ। ਪੰਜਾਬ ਰੋਡਵੇਜ ਪਨਬਸ ਨੂੰ ਘਾਟੇ ਵਾਲਾ ਅਦਾਰਾ ਨਹੀਂ ਰਹਿਣ ਦਿੱਤਾ ਜਾਵੇਗਾ।15 ਦਿਨ ’ਚ ਟਰਾਂਸਪੋਰਟ ਮਾਫੀਆ ਖ਼ਤਮ ਕਰ ਦਿੱਤਾ ਜਾਵੇਗਾ।