ਨਵੀਂ ਦਿੱਲੀ, 9 ਅਗਸਤ (ਦਲਜੀਤ ਸਿੰਘ)- ਟੋਕੀਓ ਓਲੰਪਿਕ ’ਚ ਇਤਿਹਾਸਕ ਤੇ ਯਾਦਗਾਰ ਪ੍ਰਦਰਸ਼ਨ ਕਰਨ ਤੋਂ ਬਾਅਦ ਭਾਰਤੀ ਖਿਡਾਰੀ ਦਿੱਲੀ ਏਅਰਪੋਰਟ ’ਤੇ ਪਹੁੰਚ ਗਏ ਹਨ। ਇਥੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਤੋਂ ਬਾਅਦ ਇਹ ਸਾਰੇ ਖਿਡਾਰੀ ਮੇਜਰ ਧਿਆਨ ਚੰਦ ਸਟੇਡੀਅਮ ਜਾਣਗੇ, ਜਿਥੇ ਇਨ੍ਹਾਂ ਨੂੰ ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਸਨਮਾਨਿਤ ਕਰਨਗੇ।
ਉਥੇ ਹੀ ਇਥੇ ਸਨਮਾਨਿਤ ਹੋਣ ਤੋਂ ਬਾਅਦ ਪਹਿਲਵਾਨ ਬਜਰੰਗ ਪੂਨੀਆ ਆਪਣੇ ਘਰ ਸੋਨੀਪਤ ਪਹੁੰਚਣਗੇ, ਜਿਥੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਹੋਵੇਗਾ।
ਟੋਕੀਓ ਤੋਂ ਵਤਨ ਪਰਤਣ ਵਾਲੇ ਗੋਲਡਨ ਬੁਆਏ ਨੀਰਜ ਚੋਪੜਾ, ਕਾਂਸੀ ਤਮਗਾ ਜੇਤੂ ਬਜਰੰਗ ਪੂਨੀਆ ਤੇ ਪੁਰਸ਼ ਹਾਕੀ ਟੀਮ ਤੋਂ ਇਲਾਵਾ ਕਈ ਹੋਰ ਖਿਡਾਰੀ ਵੀ ਹੋਣਗੇ।
ਉਥੇ ਹੀ ਨੀਰਜ ਚੋਪੜਾ ਦਾ ਪਰਿਵਾਰ ਉਨ੍ਹਾਂ ਨੂੰ ਰਿਸੀਵ ਕਰਨ ਲਈ ਦਿੱਲੀ ਰਵਾਨਾ ਹੋ ਗਿਆ ਹੈ। ਪੁੱਤ ਨੂੰ ਰਿਸੀਵ ਕਰਨ ਲਈ ਰਵਾਨਾ ਹੋਏ ਮਾਤਾ-ਪਿਤਾ ਕਾਫ਼ੀ ਖੁਸ਼ ਹਨ।
ਦੱਸ ਦੇਈਏ ਕਿ ਕੋਰੋਨਾ ਸੰਕਟ ਕਾਲ ’ਚ ਹੋਈਆਂ ਓਲੰਪਿਕ ਖੇਡਾਂ ’ਚ ਭਾਰਤ ਨੇ ਹੁਣ ਤਕ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਕੀਤਾ ਤੇ ਕੁਲ 7 ਤਮਗੇ ਜਿੱਤੇ।
ਇਸ ਦੇ ਨਾਲ ਹੀ ਐਥਲੈਟਿਕਸ ’ਚ ਭਾਰਤ ਨੂੰ ਪਹਿਲੀ ਵਾਰ ਸੋਨ ਤਮਗਾ ਮਿਿਲਆ। ਉਥੇ ਹੀ ਪੁਰਸ਼ ਹਾਕੀ ਟੀਮ ਨੇ 41 ਸਾਲ ਬਾਅਦ ਓਲੰਪਿਕ ’ਚ ਤਮਗਾ ਆਪਣੇ ਨਾਂ ਕੀਤਾ। ਭਾਰਤ ਨੇ ਟੋਕੀਓ ਓਲੰਪਿਕ ’ਚ ਇਕ ਸੋਨ ਤਮਗਾ, ਦੋ ਚਾਂਦੀ ਤੇ ਚਾਰ ਕਾਂਸੀ ਤਮਗੇ ਜਿੱਤੇ।
ਟੋਕੀਓ ਉਲੰਪਿਕ ਦੀ ਸਮਾਪਤੀ ਤੋਂ ਬਾਅਦ ਦਿੱਲੀ ਹਵਾਈ ਅੱਡੇ ‘ਤੇ ਖਿਡਾਰੀਆਂ ਦਾ ਸ਼ਾਨਦਾਰ ਸਵਾਗਤ
