ਵੱਡੀ ਖਬਰ : ਹਲਕਾ ਮਜੀਠਾ ਦੇ 6 ਪਿੰਡਾਂ ਅੰਦਰ ਜ਼ਹਿਰੀਲੀ ਸ਼ਰਾਬ ਪੀਣ ਨਾਲ ਦਰਜਨ ਤੋਂ ਵੱਧ ਮੌਤਾਂ, ਪੰਜ ਮੁਲਜ਼ਮ ਗ੍ਰਿਫਤਾਰ

ਮਜੀਠਾ: ਹਲਕਾ ਮਜੀਠਾ ਵਿੱਚ ਅੱਜ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਜ਼ਹਿਰੀਲੀ ਸ਼ਰਾਬ ਪੀਣ ਨਾਲ ਦਰਜਨ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ। ਮੌਕੇ ਤੇ ਇਕੱਤਰ ਹੋਈ ਜਾਣਕਾਰੀ ਅਨੁਸਾਰ ਬੀਤੀ ਦੇਰ ਰਾਤ ਮਜੀਠਾ ਹਲਕੇ ਦੇ ਵੱਖ-ਵੱਖ ਪਿੰਡਾਂ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਦਰਜਨ ਤੋਂ ਵੀ ਵੱਧ ਲੋਕਾਂ ਦੀ ਮੌਤ ਹੋ ਗਈ, ਜਦਕਿ ਕੁੱਝ ਲੋਕਾਂ ਨੂੰ ਗੰਭੀਰ ਹਾਲਤ ਵਿੱਚ ਵੱਖ-ਵੱਖ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ।

ਇਸ ਸਬੰਧੀ ਅੱਜ ਸਵੇਰੇ ਡਿਪਟੀ ਕਮਿਸ਼ਨਰ ਅੰਮਿਤਸਰ ਸਾਕਸ਼ੀ ਸਾਹਨੀ, ਐਸਐਸਪੀ ਅੰਮਿਤਸਰ ਦਿਹਾਤੀ ਮਨਿੰਦਰ ਸਿੰਘ, ਸਿਵਲ ਸਰਜਨ ਅੰਮਿਤਸਰ ਕਿਰਨਪ੍ਰੀਤ ਕੌਰ, , ਐਸਡੀਐਮ ਮਜੀਠਾ ਡਾਕਟਰ ਹਰਨੂਰ ਕੌਰ ਢਿੱਲੋ, ਤਹਸੀਲਦਾਰ ਅਸੀਸ ਪਾਲ, ਡੀਐਸਪੀ ਇੰਦਰਜੀਤ ਸਿੰਘ, ਡੀਐਸਪੀ ਅਮੋਲਕ ਸਿੰਘ , ਐਸਐਮਓ ਮਜੀਠਾ ਸਤਨਾਮ ਸਿੰਘ, ਐਸਐਮਓ ਥ੍ਰੀਰੇਵਾਲ ਤੇ ਸਿਹਤ ਵਿਭਾਗ, ਪੁਲਿਸ ਪ੍ਰਸ਼ਾਸਨ ਅਤੇ ਹੋਰ ਸਬੰਧਿਤ ਅਧਿਕਾਰੀਆਂ ਵਲੋਂ ਪੀੜਤ ਪਿੰਡਾਂ ਵਿੱਚ ਜਿੰਨਾਂ ਵਿੱਚ ਭੰਗਾਲੀ ਕਲਾਂ, ਮਰੜੀ ਕਲਾ, ਥਰੀਏਵਾਲ, ਪਤਾਲਪੁਰੀ, ਤਲਵੰਡੀ ਖੁੰਮਣ ਆਦਿ ਵਿੱਚ ਪੀੜਤ ਪਰਿਵਾਰਾਂ ਤਕ ਪਹੁੰਚ ਕੀਤੀ ਤੇ ਸਥਿਤੀ ਦਾ ਜਾਇਜ਼ਾ ਲਿਆ ਗਿਆ।

ਇਸ ਮੌਕੇ ਡੀਸੀ ਅੰਮਿਤਸਰ ਸਾਕਸ਼ੀ ਸਾਹਨੀ ਨੇ ਉਕਤ ਪਿੰਡਾਂ ਦੀਆਂ ਪੰਚਾਇਤਾਂ ਅਤੇ ਮੋਹਤਬਰਾਂ ਨਾਲ ਮਿਲਕੇ ਉਨ੍ਹਾਂ ਨੂੰ ਕਿਹਾ ਕਿ ਉਹ ਆਪਣੇ-ਆਪਣੇ ਪਿੰਡ ਦੇ ਸ਼ਰਾਬ ਪੀਣ ਦੇ ਆਦੀ ਲੋਕਾਂ ਦਾ ਪਤਾ ਕਰਨ ਅਤੇ ਜੇਕਰ ਉਨ੍ਹਾਂ ਨੇ ਬੀਤੀ ਰਾਤ ਉਕਤ ਜ਼ਹਿਰੀਲੀ ਸ਼ਰਾਬ ਪੀਤੀ ਹੈ ਤਾਂ ਉਹਨਾਂ ਨੂੰ ਤੁਰੰਤ ਨੇੜਲੇ ਸਰਕਾਰੀ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਜਾਵੇ ਤਾਂ ਜੋ ਮੌਤਾਂ ਦੀ ਹੋਰ ਰੇਸ਼ੋ ਨੂੰ ਰੋਕਿਆ ਜਾ ਸਕੇ। ਇਸ ਦੌਰਾਨ ਸਾਰੀ ਘਟਨਾ ਸਬੰਧੀ ਪੁਲਿਸ ਦਾ ਵੱਡਾ ਐਕਸ਼ਨ ਵੇਖਣ ਨੂੰ ਵੀ ਮਿਲਿਆ ਅਤੇ ਜ਼ਹਿਰੀਲੀ ਸ਼ਰਾਬ ਦੇ ਮੁੱਖ ਮੁਲਜਮ ਪ੍ਰਭਜੀਤ ਅਤੇ ਉਸਦੇ ਭਰਾ ਸਮੇਤ ਪੰਜ ਦੀ ਗ੍ਰਿਫ਼ਤਾਰੀ ਕਰ ਲਈ ਗਈ।

Leave a Reply

Your email address will not be published. Required fields are marked *