ਅੰਮ੍ਰਿਤਸਰ ਬਟਾਲਾ ਰੋਡ ’ਤੇ ਪਿੰਡ ਜੇਠੂਵਾਲ ਨੇੜੇ ਖੇਤਾਂ ’ਚੋਂ ਮਿਜ਼ਾਈਲ ਮਿਲੀ

ਭਾਰਤ ਅਤੇ ਪਾਕਿਸਤਾਨ ਵਿਚਾਲੇ ਚੱਲ ਰਹੇ ਤਣਾਅ ਦਰਮਿਆਨ ਇਥੇ ਅੰਮ੍ਰਿਤਸਰ-ਬਟਾਲਾ ਰੋਡ ’ਤੇ ਪਿੰਡ ਜੇਠੂਵਾਲ ਦੇ ਬਾਹਰਵਾਰ ਖੇਤਾਂ ਵਿੱਚ ਮਿਜ਼ਾਈਲ ਮਿਲੀ ਹੈ, ਜਿਸ ਨਾਲ ਇਲਾਕੇ ਵਿੱਚ ਡਰ ਅਤੇ ਸਹਿਮ ਵਾਲਾ ਮਾਹੌਲ ਹੈ। ਲੋਕਾਂ ਨੇ ਸਵੇਰ ਵੇਲੇ ਮਿਜ਼ਾਈਲ ਖੇਤਾਂ ਵਿੱਚ ਦੇਖੀ ਅਤੇ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਹੈ। ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਮਿਜ਼ਾਈਲ ਦਾ ਹਿੱਸਾ ਹੈ ਪਰ ਫਿਲਹਾਲ ਇਹ ਪਤਾ ਨਹੀਂ ਹੈ ਕਿ ਇਹ ਭਾਰਤੀ ਮਿਜ਼ਾਈਲ ਹੈ ਜਾਂ ਪਾਕਿਸਤਾਨੀ ਹੈ।

ਜ਼ਿਲ੍ਹਾ ਦਿਹਾਤੀ ਪੁਲੀਸ ਦੇ ਐੱਸਐੱਸਪੀ ਮਨਿੰਦਰ ਸਿੰਘ ਨੇ ਕਿਹਾ ਕਿ ਫੋਰੈਂਸਿਕ ਟੀਮਾਂ ਇਸ ਬੰਬਨੁਮਾ ਚੀਜ਼ ਦੀ ਜਾਂਚ ਕਰ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਲੋਕਾਂ ਨੇ ਕਿਹਾ ਕਿ ਇਸ ਸਬੰਧੀ ਕੋਈ ਧਮਾਕੇ ਦੀ ਆਵਾਜ਼ ਨਹੀਂ ਸੁਣੀ ਅਤੇ ਨਾ ਹੀ ਇਸ ਦਾ ਖੇਤਾਂ ਵਿੱਚ ਵਿਸਫੋਟ ਹੋਣ ਦਾ ਕੋਈ ਪ੍ਰਭਾਵ ਦੇਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਫਿਲਹਾਲ ਜਾਂਚ ਕੀਤੀ ਜਾ ਰਹੀ ਹੈ। ਦੱਸਣ ਯੋਗ ਹੈ ਕਿ ਲੋਕਾਂ ਵੱਲੋਂ ਬੀਤੀ ਰਾਤ ਕਰੀਬ 1 ਵਜੇ ਕੁਝ ਤੇਜ਼ ਧਮਾਕਿਆਂ ਦੀ ਆਵਾਜ਼ ਸੁਣਨ ਅਤੇ ਤੇਜ ਰੋਸ਼ਨੀ ਦੇਖਣ ਦੇ ਦਾਅਵੇ ਕੀਤੇ ਗਏ ਸਨ, ਪਰ ਰਾਤ ਵੇਲੇ ਇਸ ਸਬੰਧ ਵਿੱਚ ਕੋਈ ਜਾਣਕਾਰੀ ਨਹੀਂ ਮਿਲੀ ਸੀ।

ਹੁਣ ਸਵੇਰ ਵੇਲੇ ਜਾਣਕਾਰੀ ਮਿਲੀ ਹੈ ਕਿ ਪਿੰਡ ਜੇਠੂਵਾਲ ਦੇ ਖੇਤਾਂ ਵਿੱਚ ਕੁਝ ਮਿਜ਼ਾਈਲ ਵਰਗੇ ਹਿੱਸੇ ਮਿਲੇ ਹਨ ਜੋ ਕਿ ਪੰਜ ਤੋਂ ਛੇ ਫੁੱਟ ਲੰਬੇ ਹਨ। ਲੋਕਾਂ ਨੇ ਸਵੇਰ ਵੇਲੇ ਇਸ ਨੂੰ ਖੇਤਾਂ ਵਿੱਚ ਦੇਖਿਆ ਤੇ ਪੁਲੀਸ ਨੂੰ ਸੂਚਿਤ ਕੀਤਾ। ਰਾਤ ਨੂੰ ਪ੍ਰਸ਼ਾਸਨ ਵੱਲੋਂ 10:30 ਤੋਂ 11 ਵਜੇ ਤੱਕ ਲਾਈਟਾਂ ਬੰਦ ਕਰਕੇ ਬਲੈਕਆਊਟ ਦਾ ਅਭਿਆਸ ਕੀਤਾ ਗਿਆ ਸੀ। ਪਰ ਦੇਰ ਰਾਤ ਨੂੰ ਮੁੜ ਕਰੀਬ ਡੇਢ ਵਜੇ ਤੋਂ ਤੜਕੇ ਸਵੇਰ ਤੱਕ ਲਾਈਟ ਬੰਦ ਰੱਖੀ ਗਈ ਹੈ ਅਤੇ ਬਲੈਕਆਊਟ ਰਿਹਾ ਹੈ।

Leave a Reply

Your email address will not be published. Required fields are marked *