ਭਾਰਤ ਵੱਲੋਂ ਕੀਤੇ ਗਏ ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਪਾਕਿਸਤਾਨ ਵੱਲੋਂ ਜਵਾਬੀ ਕਾਰਵਾਈ ਬਾਰੇ ਮੌਜੂਦ ਅਨਿਸ਼ਚਿਤਤਾ ਦੇ ਮੱਦੇਨਜ਼ਰ ਅੰਮ੍ਰਿਤਸਰ ਦੇ ਲੋਕਾਂ ਨੇ ਰਾਸ਼ਨ ਦੀ ਖਰੀਦਦਾਰੀ ਸ਼ੁਰੂ ਕਰ ਦਿੱਤੀ ਹੈ। ਸਵੇਰ ਤੋਂ ਆਪ੍ਰੇਸ਼ਨ ਸਿੰਦੂਰ ਅਤੇ ਵਧਦੇ ਸਰਹੱਦੀ ਤਣਾਅ ਦੀਆਂ ਰਿਪੋਰਟਾਂ ਆਉਣ ਤੋਂ ਬਾਅਦ ਨਿਵਾਸੀਆਂ ਵਿੱਚ ਡਰ ਫੈਲ ਗਿਆ। ਰਾਸ਼ਨ ਅਤੇ ਘਰੇਲੂ ਵਸਤਾਂ ਦਾ ਭੰਡਾਰ ਕਰਨ ਲਈ ਸਥਾਨਕ ਕਰਿਆਨੇ ਦੀਆਂ ਦੁਕਾਨਾਂ, ਹੋਰ ਸਟੋਰਾਂ ਅਤੇ ਇੱਥੋਂ ਤੱਕ ਕਿ ਸੁਪਰਮਾਰਕੀਟਾਂ ਵਿੱਚ ਲੋਕਾਂ ਦੀ ਭੀੜ ਇਕੱਠੀ ਹੋ ਗਈ। ਬਾਲਣ, ਦਵਾਈਆਂ, ਖਾਣ-ਪੀਣ ਦੀਆਂ ਵਸਤਾਂ ਅਤੇ ਰਾਸ਼ਨ ਖਰੀਦਣ ਲਈ ਲੋਕਾਂ ਵਿਚ ਸਹਿਮ ਦੇਖਿਆ ਗਿਆ, ਜਿਸ ਕਾਰਨ ਸ਼ਹਿਰ ਭਰ ਦੇ ਪੈਟਰੋਲ ਪੰਪਾਂ ’ਤੇ ਵਾਹਨਾਂ ਦੀਆਂ ਲਾਈਨਾਂ ਲੱਗੀਆਂ ਹੋਈਆਂ ਸਨ।
ਜ਼ਿਕਰਯੋਗ ਹੈ ਕਿ ਸ਼ੋਸ਼ਲ ਮੀਡੀਆ ਅਤੇ ਮੈਸੇਜਿੰਗ ਐਪਸ ’ਤੇ ਇਕ ਐਡਵਾਈਜ਼ਰੀ, ਜਿਸ ਵਿਚ ਸਰਹੱਦ ‘ਤੇ ਚੱਲ ਰਹੀ ਤਣਾਅਪੂਰਨ ਸਥਿਤੀ ਦਾ ਹਵਾਲਾ ਦਿੰਦਿਆਂ ਲੋਕਾਂ ਨੂੰ ਨਕਦੀ, ਬਾਲਣ, ਦਵਾਈਆਂ ਅਤੇ ਐਮਰਜੈਂਸੀ ਸਪਲਾਈ ਦਾ ਭੰਡਾਰ ਕਰਨ ਦੀ ਅਪੀਲ ਕੀਤੀ ਗਈ ਹੈ, ਮੰਗਲਵਾਰ ਰਾਤ ਤੋਂ ਸੋਸ਼ਲ ਮੀਡੀਆ ਵਾਇਰਲ ਹੋ ਰਹੀ ਹੈ।
ਹਾਲਾਂਕਿ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਅਜਿਹਾ ਕੋਈ ਨੋਟਿਸ ਜਾਰੀ ਨਹੀਂ ਕੀਤਾ ਗਿਆ ਹੈ ਅਤੇ ਜਨਤਾ ਨੂੰ ਅਜਿਹੀ ਘਬਰਾਹਟ ਪੈਦਾ ਕਰਨ ਵਾਲੀ ਗਲਤ ਜਾਣਕਾਰੀ ਤੋਂ ਬਚਣ ਲਈ ਕਿਹਾ ਗਿਆ ਹੈ।
ਲਾਰੈਂਸ ਰੋਡ ’ਤੇ ਇਕ ਕਿਰਿਆਨਾ ਸਟੋਰ ਮੈਨੇਜਰ ਆਸ਼ੂ ਨੇ ਕਿਹਾ, ‘‘ਦੁਪਹਿਰ ਤੱਕ, ਸਾਡੇ ਕੋਲ ਆਟੇ ਦਾ ਸਟਾਕ ਪਹਿਲਾਂ ਹੀ ਖਤਮ ਹੋ ਚੁੱਕਾ ਸੀ। ਲੋਕਾਂ ਵੱਲੋਂ ਰਾਸ਼ਨ ਅਤੇ ਘਰੇਲੂ ਵਰਤੋ ਵਾਲਾ ਸਮਾਨ ਖਰੀਦਿਆ ਜਾ ਰਿਹਾ ਸੀ।’’ ਡੀਮਾਰਟ, ਰਿਲਾਇੰਸ ਫਰੈਸ਼ ਅਤੇ ਹੋਰਾਂ ਸੁਪਰਮਾਰਕੀਟਾਂ ਵਿਚ ਲੋਕਾਂ ਨੂੰ ਸਟਾਕ ਖਰੀਦਣ ਲਈ ਭੱਜਦੌੜ ਕਰਦੇ ਦੇਖਿਆ ਗਿਆ। ਮੈਡੀਕਲ ਦੁਕਾਨਾਂ ਦੇ ਮਾਲਕਾਂ ਦਾ ਕਹਿਣਾ ਹੈ ਕਿ ਲੋਕ ਭਾਰੀ ਮਾਤਰਾ ਵਿਚ ਦਵਾਈਆਂ ਖਰੀਦ ਰਹੇ ਹਨ। ਡਿਪਟੀ ਕਮਿਸ਼ਨਰ ਵੱਲੋਂ ਸਰਹੱਦੀ ਸਥਿਤੀ ਦੇ ਵਧਦੇ ਹਾਲਾਤ ਕਾਰਨ ਜ਼ਿਲ੍ਹੇ ਦੇ ਸਾਰੇ ਸਕੂਲ ਅਤੇ ਕਾਲਜ ਬੰਦ ਕਰਨ ਦਾ ਐਲਾਨ ਕਰਨ ਤੋਂ ਬਾਅਦ ਸਵੇਰੇ 8 ਵਜੇ ਤੋਂ ਪੈਟਰੋਲ ਪੰਪਾਂ ’ਤੇ ਲਗਾਤਾਰ ਵਾਹਨਾਂ ਦੀਆਂ ਕਤਾਰਾਂ ਲੱਗੀਆਂ ਹੋਈਆਂ ਹਨ।