ਚੰਡੀਗੜ੍ਹ – ਸੀਨੀਅਰ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਨੇ ਝੋਨੇ ਦੀ ਬਿਜਾਈ ਦਾ ਕੰਮ ਪੂਰਾ ਹੋਣ ਮਗਰੋਂ ਪੰਜਾਬ ਦੇ ਪਾਣੀਆਂ ਲਈ ਮੋਰਚੇ ਲਾਉਣ ਦਾ ਐਲਾਨ ਕੀਤਾ ਹੈ। ਕਿਸਾਨ ਭਵਨ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਇਹ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਅਸੀਂ ਸੂਬੇ ਦੇ ਹੁਣ ਤਕ ਪਾਣੀ ਬਾਬਤ ਕੀਤੇ ਗਏ ਸਾਰੇ ਸਮਝੌਤਿਆਂ ਨੂੰ ਰੱਦ ਕਰਨ ਦੀ ਮੰਗ ਕਰਾਂਗੇ ਕਿਉਂਕਿ 25 ਸਾਲਾਂ ਤੋਂ ਬਾਅਦ ਹਰ ਸਮਝੌਤੇ ’ਤੇ ਮੁੜ-ਵਿਚਾਰ ਕੀਤਾ ਜਾ ਸਕਦਾ ਹੈ। ਪੰਜਾਬ ਸਰਕਾਰ ਸਾਰੇ ਸਮਝੌਤੇ ਰੱਦ ਕਰ ਕੇ ਇਸ ’ਤੇ ਮੁੜ-ਵਿਚਾਰ ਕਰਨ ਦੀ ਮੰਗ ਕਰੇ।
ਉਨ੍ਹਾਂ ਕਿਹਾ ਕਿ ਅਸੀਂ ਭਾਵੁਕ ਲੋਕ ਹਾਂ ਤੇ ਅਸੀਂ ਆਪਣੇ ਦੇਸ਼ ਦਾ ਅਨਾਜ ਸੰਕਟ ਖ਼ਤਮ ਕਰਨ ਲਈ ਆਪਣਾ ਸਾਰਾ ਪਾਣੀ ਮੁਫ਼ਤ ’ਚ ਦੇ ਦਿੱਤਾ, ਅੱਜ ਜਦੋਂ ਸੂਬੇ ’ਚ ਤੇਜ਼ੀ ਨਾਲ ਪਾਣੀ ਦਾ ਪੱਧਰ ਹੇਠਾਂ ਜਾ ਰਿਹਾ ਹੈ, ਇਸ ਲਈ ਸਾਡੇ ਲੋਕਾਂ ਦੇ ਜੀਵਨ ਦੀ ਇਕੋ- ਇਕ ਆਸ ਇਥੋਂ ਦੇ ਦਰਿਆਈ ਪਾਣੀ ਰਹਿ ਗਏ ਹਨ ਪਰ ਦੁਖ ਵਾਲੀ ਗੱਲ ਹੈ ਕਿ ਇਸ ਦੇਸ਼ ’ਚ ਜੋ ਵੀ ਸਰਕਾਰਾਂ ਰਹੀਆਂ ਹਨ, ਸਭ ਨੇ ਹਮੇਸ਼ਾ ਪੰਜਾਬ ਦੇ ਪਾਣੀਆਂ ਨੂੰ ਲੁੱਟਣ ਲਈ ਸਮਝੌਤੇ ਕੀਤੇ। ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਦੇ ਹਰ ਘਰ ਅਤੇ ਖੇਤ ਨੂੰ ਪੀਣ ਵਾਲਾ ਸਾਫ਼ ਨਹਿਰੀ ਪਾਣੀ ਦਿੱਤਾ ਜਾਵੇ ਤੇ ਅੱਜ ਤਕ ਜੋ ਮੁਫ਼ਤ ਪਾਣੀ ਪੰਜਾਬ ਤੋਂ ਲਿਆ ਗਿਆ ਹੈ, ਉਸ ਦੀ ਭਰਪਾਈ ਵੀ ਕੇਂਦਰ ਸਰਕਾਰ ਕਰੇ।