ਚੰਡੀਗੜ੍ਹ : ਨਸ਼ਾ ਤਸਕਰੀ ਦੇ ਮਾਮਲੇ ’ਚ ਗ੍ਰਿਫ਼ਤਾਰ ਕੀਤੇ ਗਏ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਜਿੱਥੇ ਇਕ ਪਾਸੇ ਸਰਕਾਰ ’ਤੇ ਸਿਆਸੀ ਬਦਲੇ ਦੀ ਭਾਵਨਾ ਨਾਲ ਕੰਮ ਕਰਨ ਦੇ ਦੋਸ਼ ਲਾ ਰਹੇ ਹਨ, ਉੱਥੇ ਹੀ ਪੰਜਾਬ ਪੁਲਸ ਨੇ ਇਸ ਮਾਮਲੇ ’ਚ ਖਹਿਰਾ ਦੀ ਗ੍ਰਿਫ਼ਤਾਰੀ ਤੋਂ ਪਹਿਲਾਂ ਲੰਬਾ ਸਮਾਂ ਉਨ੍ਹਾਂ ਖ਼ਿਲਾਫ਼ ਠੋਸ ਸਬੂਤ ਇਕੱਠੇ ਕਰਨ ’ਚ ਲਾਇਆ ਹੈ। ਪੁਲਸ ਦੀ ਚਾਰਜਸ਼ੀਟ ਤੋਂ ਸਾਫ਼ ਹੈ ਕਿ ਖਹਿਰਾ ਨੂੰ ਹੁਣ ਇਸ ਮਾਮਲੇ ’ਚ ਸਿਆਸੀ ਲੜਾਈ ਦੇ ਨਾਲ-ਨਾਲ ਲੰਬੀ ਕਾਨੂੰਨੀ ਲੜਾਈ ਵੀ ਲੜਨੀ ਪਵੇਗੀ।
2015 ਦੇ ਨਸ਼ਾ ਤਸਕਰੀ ਦੇ ਮਾਮਲੇ ’ਚ ਹੋਈ ਹੈ ਖਹਿਰਾ ਦੀ ਗ੍ਰਿਫ਼ਤਾਰੀ
ਸੁਖਪਾਲ ਖਹਿਰਾ ਦੀ ਗ੍ਰਿਫ਼ਤਾਰੀ ਦੋ ਮਾਮਲਿਆਂ ’ਚ ਚੱਲੀ ਜਾਂਚ ਦੇ ਆਧਾਰ ’ਤੇ ਹੋਈ ਹੈ। ਇਨ੍ਹਾਂ ’ਚੋਂ ਪਹਿਲਾ ਮਾਮਲਾ 2015 ’ਚ ਫਾਜ਼ਿਲਕਾ ’ਚ ਹੋਈ ਨਸ਼ੇ ਦੀ ਖ਼ੇਪ ਦੀ ਬਰਾਮਦਗੀ ਦਾ ਹੈ। 2015 ’ਚ ਫਾਜ਼ਿਲਕਾ ਪੁਲਸ ਨੇ ਨਸ਼ਾ ਤਸਕਰਾਂ ਦੇ ਇਕ ਅੰਤਰਰਾਸ਼ਟਰੀ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ ਹੈਰੋਇਨ ਤੋਂ ਇਲਾਵਾ ਸੋਨੇ ਦੇ ਬਿਸਕੁਟ, ਹਥਿਆਰ, ਗੋਲੀ-ਸਿੱਕਾ ਅਤੇ ਪਾਕਿਸਤਾਨੀ ਸਿਮ ਬਰਾਮਦ ਕੀਤੇ ਸਨ। ਦੂਜਾ ਮਾਮਲਾ ਦਿੱਲੀ ’ਚ ਚਲਾਏ ਜਾ ਰਹੇ ਫਰਜ਼ੀ ਪਾਸਪੋਰਟ ਗਿਰੋਹ ਦਾ ਹੈ। ਪੁਲਸ ਨੇ ਇਸ ਮਾਮਲੇ ’ਚ ਖਹਿਰਾ ਖ਼ਿਲਾਫ਼ ਨਸ਼ਾ ਤਸਕਰਾਂ ਕੋਲੋਂ ਮਨੀ ਲਾਂਡਰਿੰਗ ਦੇ ਦੋਸ਼ ਲਾਏ ਹਨ।
ਨਸ਼ਾ ਤਸਕਰਾਂ ਕੋਲੋਂ ਖਹਿਰਾ ਨੇ ਲਏ ਆਰਥਿਕ ਲਾਭ
2015 ਦੇ ਨਸ਼ਾ ਤਸਕਰੀ ਦੇ ਮਾਮਲੇ ’ਚ ਗੁਰਦੇਵ ਸਿੰਘ, ਮਨਜੀਤ ਸਿੰਘ, ਹਰਬੰਸ ਸਿੰਘ ਅਤੇ ਸੁਭਾਸ਼ ਚੰਦਰ ਨਾਂ ਦੇ ਦੋਸ਼ੀਆਂ ਨੂੰ ਅਕਤੂਬਰ 2017 ’ਚ ਸਜ਼ਾ ਹੋ ਚੁੱਕੀ ਹੈ। ਪੁਲਸ ਦੀ ਚਾਰਜਸ਼ੀਟ ਮੁਤਾਬਕ ਇਸ ਮਾਮਲੇ ’ਚ ਸਜ਼ਾਯਾਫਤਾ ਗੁਰਦੇਵ ਸਿੰਘ ਦੇ ਸੁਖਪਾਲ ਖਹਿਰਾ ਨਾਲ ਸਬੰਧ ਸਨ ਅਤੇ ਉਸ ਨੂੰ ਸਿਆਸੀ ਸੁਰੱਖਿਆ ਦਿੰਦੇ ਰਹੇ ਹਨ। ਪੁਲਸ ਚਾਰਜਸ਼ੀਟ ’ਚ ਦੋਸ਼ ਲਾਇਆ ਗਿਆ ਹੈ ਕਿ ਸੁਖਪਾਲ ਖਹਿਰਾ ਨਸ਼ਾ ਤਸਕਰਾਂ ਦੇ ਅੰਤਰਰਾਸ਼ਟਰੀ ਗਿਰੋਹ ਨੂੰ ਸਿਆਸੀ ਸੁਰੱਖਿਆ ਦਿੰਦਾ ਸੀ ਅਤੇ ਬਦਲੇ ’ਚ ਗਿਰੋਹ ਖਹਿਰਾ ਨੂੰ ਆਰਥਿਕ ਲਾਭ ਦਿੰਦਾ ਸੀ।