ਬੀਐਸਐੱਫ ਨੇ ਪੰਜਾਬ ਪੁਲੀਸ ਦੇ ਨਾਲ ਇਕ ਸਾਂਝੇ ਆਪਰੇਸ਼ਨ ਵਿਚ ਸਰਹੱਦੀ ਪਿੰਡ ਭਰੋਪਾਲ ਤੋਂ ਹਥਿਆਰਾਂ ਦੀ ਖੇਪ ਬਰਾਮਦ ਕੀਤੀ ਹੈ। ਜਿਸ ਵਿਚ ਦੋ ਹੈਂਡ ਗਰਨੇਡ, ਤਿੰਨ ਪਿਸਤੌਲ, 50 ਗੋਲੀਆਂ ਅਤੇ ਛੇ ਮੈਗਜ਼ੀਨ ਸ਼ਾਮਿਲ ਹਨ। ਇਸ ਸਬੰਧ ਵਿਚ ਜਾਣਕਾਰੀ ਦਿੰਦਿਆਂ ਬੀਐਸਐੱਫ ਦੇ ਅਧਿਕਾਰੀ ਨੇ ਦੱਸਿਆ ਕਿ ਅਗਾਊਂ ਸੂਚਨਾ ਦੇ ਅਧਾਰ ਤੇ ਬੀਐਸਐੱਫ ਵੱਲੋਂ ਬੀਤੀ ਦੇਰ ਸ਼ਾਮ ਨੂੰ ਪੰਜਾਬ ਪੁਲੀਸ ਦੇ ਨਾਲ ਮਿਲ ਕੇ ਇਕ ਕੀਤੇ ਇਕ ਸਾਂਝੇ ਆਪਰੇਸ਼ਨ ਵਿਚ ਸਰਹੱਦੀ ਖੇਤਰ ’ਚ ਜਾਂਚ ਮੁਹਿੰਮ ਚਲਾਈ ਗਈ ਸੀ, ਜਿਸ ਤਹਿਤ ਪਿੰਡ ਭਰੋਪਾਲ ਦੇ ਇਲਾਕੇ ਵਿੱਚੋਂ ਇਹ ਹਥਿਆਰਾਂ ਦਾ ਜ਼ਖੀਰਾ ਬਰਾਮਦ ਹੋਇਆ ਹੈ।
ਉਨ੍ਹਾਂ ਦੱਸਿਆ ਕਿ ਬਰਾਮਦ ਹੋਏ ਹਥਿਆਰਾਂ ਵਿੱਚ ਦੋ ਹੈਂਡ ਗਰਨੇਡ, ਤਿੰਨ ਪਿਸਤੌਲਾਂ, ਛੇ ਮੈਗਜ਼ੀਨ ਅਤੇ 50 ਕਾਰਤੂਸ ਸ਼ਾਮਿਲ ਹਨ। ਬਰਾਮਦ ਹੋਏ ਹਥਿਆਰ ਪੰਜਾਬ ਪੁਲੀਸ ਨੂੰ ਸੌਂਪ ਦਿੱਤੇ ਗਏ ਹਨ ਅਤੇ ਇਸ ਮਾਮਲੇ ਵਿਚ ਅਗਲੇਰੀ ਜਾਂਚ ਜਾਰੀ ਹੈ। ਉਨ੍ਹਾਂ ਕਿਹਾ ਕਿ ਬੀਐਸਐੱਫ ਦੇ ਜਵਾਨਾਂ ਦੀ ਚੌਕਸੀ ਅਤੇ ਖੁਫੀਆ ਵਿੰਗ ਦੀ ਠੋਸ ਜਾਣਕਾਰੀ ਦੇ ਕਾਰਨ ਪਾਕਿਸਤਾਨ ਵੱਲੋਂ ਹਥਿਆਰਾਂ ਦੀ ਤਸਕਰੀ ਦਾ ਇਹ ਯਤਨ ਇਕ ਵਾਰ ਮੁੜ ਅਸਫਲ ਬਣਾ ਦਿੱਤਾ ਗਿਆ।