BBMB : ਹਰਿਆਣਾ ਲਈ 8500 ਕਿਊਸਿਕ ਪਾਣੀ ਛੱਡਣ ਦੇ ਆਦੇਸ਼ ਤੋਂ ਬਾਅਦ ਮਾਮਲਾ ਗਰਮਾਇਆ, ਨੰਗਲ ਡੈਮ ‘ਤੇ ਭਾਰੀ ਪੁਲਿਸ ਤਾਇਨਾਤ

ਨੰਗਲ : ਭਾਖੜਾ ਡੈਮ ਤੋਂ 8500 ਕਿਊਸਿਕ ਵਾਧੂ ਪਾਣੀ ਹਰਿਆਣਾ ਨੂੰ ਦੇਣ ਦੇ ਹੁਕਮਾਂ ਤੋਂ ਬਾਅਦ ਅੱਜ ਸਵੇਰ ਤੋਂ ਹੀ ਨੰਗਲ ਡੈਮ ਉੱਤੇ ਪੁਲਿਸ ਦਾ ਜਮਾਵੜਾ ਰਿਹਾ, ਜਿੱਥੇ ਅੱਜ ਸਵੇਰੇ ਐਸਐਸਪੀ ਰੂਪਨਗਰ ਸ਼ੁਭਮ ਅਗਰਵਾਲ ਪਹੁੰਚੇ ਉੱਥੇ ਹੀ ਬੀਬੀਐਮਬੀ ਦੇ ਚੀਫ ਇੰਜੀਨੀਅਰ ਸੀਪੀ ਸਿੰਘ, ਐਸ ਪੀ ਡੀ ਗੁਰਦੀਪ ਸਿੰਘ ਗੋਸਲ ਵੀ ਉੱਥੇ ਪਹੁੰਚ ਗਏ । ਮੰਨਿਆ ਜਾ ਰਿਹਾ ਸੀ ਕਿ ਅੱਜ ਭਾਖੜਾ ਡੈਮ ਤੋਂ 8500 ਕਿਊਸਿਕ ਪਾਣੀ ਹਰਿਆਣੇ ਨੂੰ ਛੱਡਿਆ ਜਾਵੇਗਾ। ਸਭ ਤੋਂ ਪਹਿਲਾਂ ਸਵੇਰੇ ਪੁਲਿਸ ਵੱਲੋਂ ਨੰਗਲ ਡੈਮ ਨੂੰ ਪੁਲਿਸ ਛਾਉਣੀ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ , ਉਸ ਤੋਂ ਬਾਅਦ ਇੱਕ ਇੱਕ ਕਰਕੇ ਬੀਬੀਐਮਬੀ ਦੇ ਅਧਿਕਾਰੀ ਅਤੇ ਕਰਮਚਾਰੀ ਵੀ ਪਹੁੰਚਣੇ ਸ਼ੁਰੂ ਹੋ ਗਏ ।

ਭਰੋਸੇਯੋਗ ਸੂਤਰਾਂ ਤੋਂ ਇਕੱਤਰ ਕੀਤੀ ਗਈ ਜਾਣਕਾਰੀ ਦੇ ਮੁਤਾਬਕ ਅੱਜ ਸ਼੍ਰੀ ਅਨੰਦਪੁਰ ਸਾਹਿਬ ਹਾਈਡਲ ਚੈਨਲ ਦੇ ਵਿੱਚ ਸਿਰਫ 4500 ਕਿਊਸਿਕ ਪਾਣੀ ਹੀ ਛੱਡਿਆ ਗਿਆ ਜਦੋਂ ਕਿ ਇਸ ਨਹਿਰ ਵਿੱਚ 10 ਹਜ਼ਾਰ ਕਿਊਸਿਕ ਤੋਂ ਵੱਧ ਪਾਣੀ ਹੁੰਦਾ ਹੈ। ਇਸੇ ਤਰ੍ਹਾਂ ਹੀ ਨੰਗਲ ਹਾਈਡਲ ਚੈਨਲ ਦੇ ਵਿੱਚ ਅੱਜ 9500 ਕਿਊਸਿਕ ਪਾਣੀ ਹੀ ਛੱਡਿਆ ਗਿਆ ਸੀ ਜਦੋਂ ਕਿ ਇੱਥੇ ਵੀ ਪਾਣੀ 10 ਹਜਾਰ ਤੋਂ ਵੱਧ ਰਹਿੰਦਾ ਹੈ। ਇਹ ਗੱਲ ਵੀ ਦੱਸਿਆ ਜਾ ਰਿਹਾ ਹੈ ਕਿ ਪਿੱਛੇ ਝੀਲ ਦੇ ਵਿੱਚ ਪਾਣੀ ਵੱਧ ਸਟੋਰ ਕੀਤਾ ਗਿਆ ਹੈ, ਪਰ ਉਹ ਕਦੋਂ ਛੱਡਿਆ ਜਾਵੇਗਾ ਇਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਦੇ ਰਿਹਾ ਸੀ ।

ਇਸ ਸਬੰਧੀ ਜਦੋਂ ਅਧਿਕਾਰਤ ਤੌਰ ‘ਤੇ ਜਾਣਕਾਰੀ ਦੇਣ ਲਈ ਡੀਐਸਪੀ ਨੰਗਲ ਕੁਲਬੀਰ ਸਿੰਘ ਠੱਕਰ ਸਿੱਧੂ ਆਏ ਤਾਂ ਉਹਨਾਂ ਨੇ ਸਿਰਫ ਏਨਾ ਹੀ ਕਹਿ ਕੇ ਪੱਲਾ ਝਾੜ ਦਿੱਤਾ ਕਿ ਇਹ ਇੱਕ ਰੂਟੀਨ ਚੈਕਿੰਗ ਹੈ ਅਤੇ ਡੈਮ ਦੀ ਚੈਕਿੰਗ ਕਰਨ ਲਈ ਪੁਲਿਸ ਅਧਿਕਾਰੀ ਪਹੁੰਚੇ ਹਨ , ਪਰ ਉਹ ਇਸ ਗੱਲ ਦਾ ਜਵਾਬ ਨਹੀਂ ਦੇ ਸਕੇ ਕਿ ਬੀਬੀਐਮਬੀ ਅਧਿਕਾਰੀਆਂ ਦਾ ਇਨਾ ਇਕੱਠ ਕਿਸ ਕਰਕੇ ਹੋਇਆ ਹੈ ਅਤੇ ਇਹ ਵੀ ਜਾਣਕਾਰੀ ਨਹੀਂ ਦੇ ਸਕੇ ਕਿ 8500 ਕਿਊਸਿਕ ਪਾਣੀ ਛੱਡਿਆ ਜਾਵੇਗਾ ਕਿ ਨਹੀਂ ਛੱਡਿਆ ਜਾਵੇਗਾ। ਉਹਨਾਂ ਦਾ ਕਹਿਣਾ ਸੀ ਸਬੰਧੀ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਹੈ ਅਤੇ ਇਸ ਸਬੰਧੀ ਡਿਪਟੀ ਕਮਿਸ਼ਨਰ ਰੂਪਨਗਰ ਹੀ ਵਧੇਰੇ ਜਾਣਕਾਰੀ ਦੇ ਸਕਦੇ ਹਨ।

ਹਰਿਆਣਾ ਨੂੰ 8500 ਕਿਊਸਿਕ ਵਾਧੂ ਪਾਣੀ ਦੇਣ ਦੀ ਖਬਰ ਤੋਂ ਬਾਅਦ ਅੱਜ ਜਿੱਥੇ ਨੰਗਲ ਡੈਮ ਤੇ ਵੱਡੇ ਪੱਧਰ ਤੇ ਪੁਲਿਸ ਵੱਲ ਲੱਗੇ ਸਨ ਉੱਥੇ ਹੀ ਕੀਰਤਪੁਰ ਸਾਹਿਬ ਨਾਲ ਲੱਗਦੀ ਲੋਹੰਡ ਖੱਡ ‘ਤੇ ਵੀ ਐਸਪੀ ਚੰਦ ਸਿੰਘ ਦੀ ਅਗਵਾਈ ਵਿੱਚ ਵੱਡੀ ਪੱਧਰ ‘ਤੇ ਪੁਲਿਸ ਫੋਰਸ ਪਹੁੰਚ ਗਈ ਅਤੇ ਉਹਨਾਂ ਦੇ ਨਾਲ ਹੀ ਬੀਬੀਐਮਬੀ ਦੇ ਅਧਿਕਾਰੀ ਅਤੇ ਐਸਡੀਓ ਨਵਪ੍ਰੀਤ ਸਿੰਘ ਵੀ ਪਹੁੰਚ ਗਏ ਕਿਸੇ ਵੱਲੋਂ ਵੀ ਕਿਸੇ ਤਰ੍ਹਾਂ ਦਾ ਪਾਣੀ ਛੱਡਣ ਦੀ ਕੋਈ ਪੁਸ਼ਟੀ ਨਹੀਂ ਕੀਤੀ ਗਈ ਪਰ ਖਬਰ ਲਿਖੇ ਜਾਣ ਤੱਕ ਭਾਰੀ ਪੁਲਿਸ ਵੱਲ ਲੋਹੰਡ ਖੱਡ ‘ਤੇ ਤੈਨਾਤ ਸਨ।

Leave a Reply

Your email address will not be published. Required fields are marked *