ਇੰਟਰਨੈਸ਼ਨਲ ਡੈਸਕ- ਕੈਨੇਡਾ ਚੋਣਾਂ ਦੇ ਸ਼ੁਰੂਆਤੀ ਰੁਝਾਨਾਂ ਦੇ ਨਤੀਜੇ ਲਿਬਰਲ ਪਾਰਟੀ ਦੇ ਹੱਕ ਵਿਚ ਹਨ। ਦੂਜੇ ਪਾਸੇ ਜਗਮੀਤ ਸਿੰਘ ਦੀ ਨਿਊ ਡੈਮੇਕ੍ਰੇਟਿਕ ਪਾਰਟੀ (ਐੱਨ.ਡੀ.ਪੀ.) ਨੂੰ ਵੱਡਾ ਝਟਕਾ ਲੱਗਾ ਹੈ। ਤਾਜ਼ਾ ਜਾਣਕਾਰੀ ਮੁਤਾਬਕ ਜਗਮੀਤ ਸਿੰਘ ਆਪਣੇ ਹਲਕੇ ਤੋਂ ਸੀਟ ਹਾਰ ਗਏ ਹਨ। ਇਸ ਮਗਰੋਂ ਜਗਮੀਤ ਸਿੰਘ ਨੇ ਐੱਨ.ਡੀ.ਪੀ ਲੀਡਰ ਵਜੋਂ ਅਸਤੀਫਾ ਦੇ ਦਿੱਤਾ ਹੈ।ਸੀ.ਬੀ.ਸੀ ਦੇ ਅੰਕੜਿਆਂ ਤੋਂ ਪਤਾ ਚੱਲਿਆ ਹੈ ਕਿ ਇਸ ਸਾਲ ਦੀਆਂ ਚੋਣਾਂ ਦੇ ਸਭ ਤੋਂ ਵੱਡੇ ਉਲਟਫੇਰਾਂ ਵਿੱਚੋਂ ਇੱਕ ਵਿੱਚ ਸਿੰਘ ਲਿਬਰਲ ਉਮੀਦਵਾਰ ਚਾਂਗ ਅਤੇ ਕੰਜ਼ਰਵੇਟਿਵ ਉਮੀਦਵਾਰ ਜੇਮਸ ਯਾਨ ਤੋਂ 7,000 ਤੋਂ ਵੱਧ ਵੋਟਾਂ ਦੇ ਫਰਕ ਨਾਲ ਪਿੱਛੇ ਸਨ।
ਇਸ ਦੇ ਨਾਲ ਹੀ ਨੈਸ਼ਨਲ ਡੈਮੋਕ੍ਰੇਟਿਕ ਪਾਰਟੀ 12 ਸੀਟਾਂ ਵੀ ਹਾਸਲ ਕਰਨ ਵਿੱਚ ਅਸਫਲ ਰਹੀ, ਇਸ ਤਰ੍ਹਾਂ ਪਾਰਟੀ ਦਾ ਰਾਸ਼ਟਰੀ ਦਰਜਾ ਗੁਆ ਬੈਠੀ। ਸੀ.ਟੀ.ਵੀ ਦੇ ਅਨੁਮਾਨਾਂ ਅਨੁਸਾਰ ਐਨ.ਡੀ.ਪੀ ਨੇ ਅਜੇ ਤੱਕ ਆਪਣੀਆਂ ਸੀਟਾਂ ਨਹੀਂ ਖੋਲ੍ਹੀਆਂ ਹਨ ਪਰ 9 ਸੀਟਾਂ ‘ਤੇ ਅੱਗੇ ਹੈ। ਤਾਜ਼ਾ ਸ਼ੁਰੂਆਤੀ ਰੁਝਾਨਾਂ ਮੁਤਾਬਕ ਲਿਬਰਲ ਪਾਰਟੀ 164 ਸੀਟਾਂ ‘ਤੇ ਬੜਤ ਬਣਾਏ ਹੋਏ ਹੈ। ਕੰਜ਼ਰਵੇਟਿਵ ਪਾਰਟੀ 146 ਸੀਟਾਂ, ਨਿਊ ਡੈਮੋਕ੍ਰੇਟਸ 9, ਬਲਾਕ ਕਿਊਬੋਕਿਇਸ 23 ਅਤੇ ਗ੍ਰੀਨ 1 ‘ਤੇ ਹੈ।
ਪਿਛਲੀਆਂ ਚੋਣਾਂ ਦੌਰਾਨ ਐੱਨ.ਡੀ.ਪੀ. ਪਾਰਟੀ ਨੇ 24 ਸੀਟਾਂ ਪ੍ਰਾਪਤ ਕੀਤੀਆਂ ਸਨ। ਇਸ ਘਟਨਾਕ੍ਰਮ ਨੂੰ ਕੈਨੇਡਾ ਵਿੱਚ ਖਾਲਿਸਤਾਨ ਸਮਰਥਕਾਂ ਲਈ ਇੱਕ ਝਟਕੇ ਵਜੋਂ ਦੇਖਿਆ ਜਾ ਰਿਹਾ ਹੈ ਕਿਉਂਕਿ ਐਨ.ਡੀ.ਪੀ ਨੇਤਾ ਜਗਮੀਤ ਸਿੰਘ ਨੂੰ ਖਾਲਿਸਤਾਨੀ ਹਮਦਰਦ ਵਜੋਂ ਜਾਣਿਆ ਜਾਂਦਾ ਹੈ। ਇੱਥੇ ਦੱਸ ਦਈਏ ਕਿ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਅਗਵਾਈ ਵਾਲੀ ਲਿਬਰਲ ਪਾਰਟੀ ਸੱਤਾ ਵਿੱਚ ਬਣੀ ਰਹੇਗੀ। ਸਥਾਨਕ ਮੀਡੀਆ ਤੋਂ ਹੁਣ ਤੱਕ ਪ੍ਰਾਪਤ ਸੀਟਾਂ ਦੇ ਰੁਝਾਨਾਂ ਵਿੱਚ ਪਾਰਟੀ ਦੀ ਜਿੱਤ ਯਕੀਨੀ ਜਾਪਦੀ ਹੈ। 343 ਸੀਟਾਂ ‘ਤੇ ਲਿਬਰਲ ਪਾਰਟੀ ਨੂੰ ਫੈਸਲਾਕੁੰਨ ਲੀਡ ਮਿਲ ਗਈ ਹੈ।