MP ਸੁਖਜਿੰਦਰ ਸਿੰਘ ਰੰਧਾਵਾ ਦੇ ਕਰੀਬੀ ਰਿਸ਼ਤੇਦਾਰਾਂ ‘ਤੇ FIR ਦਰਜ

ਮਲੋਟ – ਬੀਤੀ ਸ਼ਾਮ ਪਿੰਡ ਅਬੁਲਖੁਰਾਣਾ ਵਿਖੇ ਪਿਓ-ਪੁੱਤ ਦੇ ਦੋਹਰੇ ਕਤਲ ਦੇ ਮਾਮਲੇ ’ਚ ਪੁਲਸ ਨੇ 4 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਹੈ, ਜਿਨ੍ਹਾਂ ਵਿਚ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਦੇ ਕਰੀਬੀ ਰਿਸ਼ਤੇਦਾਰ ਵੀ ਸ਼ਾਮਲ ਹਨ। ਮਾਮਲਾ ਹਾਈਪ੍ਰੋਫਾਈਲ ਹੋਣ ਕਰ ਕੇ ਜ਼ਿਲ੍ਹਾ ਪੁਲਸ ਕਪਤਾਨ ਡਾ. ਅਖਿਲ ਚੌਧਰੀ ਸਮੇਤ ਅਧਿਕਾਰੀ ਸਿਵਲ ਹਸਪਤਾਲ ਪੁੱਜੇ ਜਿੱਥੇ ਮ੍ਰਿਤਕਾਂ ਦਾ ਪੋਸਟ ਮਾਰਟਮ ਹੋ ਰਿਹਾ ਸੀ। ਜ਼ਿਕਰਯੋਗ ਹੈ ਕਿ ਜ਼ਮੀਨੀ ਵਿਵਾਦ ਕਾਰਨ ਸ਼ਨੀਵਾਰ ਸ਼ਾਮ ਨੂੰ 7 ਵਜੇ ਦੇ ਕਰੀਬ ਪਿੰਡ ਅਬੁਲਖੁਰਾਣਾ ਵਿਖੇ ਵਿਨੈ ਪ੍ਰਤਾਪ ਸਿੰਘ ਪੁੱਤਰ ਗੁਰਪ੍ਰੇਮ ਸਿੰਘ ਤੇ ਉਸ ਦੇ ਲੜਕੇ ਸੂਰਯ ਪ੍ਰਤਾਪ ਸਿੰਘ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਇਸ ਮਾਮਲੇ ’ਤੇ ਮ੍ਰਿਤਕ ਦੀ ਲੜਕੀ ਸਾਜੀਆ ਬਰਾੜ ਨੇ ਸਿਟੀ ਮਲੋਟ ਪੁਲਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ ਉਹ ਦੋ ਭੈਣ-ਭਰਾ ਹਨ ਤੇ ਦੋਵੇਂ ਕੁਆਰੇ ਹਨ। ਉਹ ਐੱਮ. ਫਿਲ ਦੀ ਪੜ੍ਹਾਈ ਕਰ ਰਹੀ ਹੈ। ਉਨ੍ਹਾਂ ਦੀ ਜ਼ਮੀਨ ਪਿੰਡ ਅਬੁਲਖੁਰਾਣਾ ਹੈ ਤੇ ਉਸ ’ਚੋਂ 20 ਏਕੜ ਦਾ ਪਿੰਡ ਦੇ ਹੀ ਨਛੱਤਰਪਾਲ ਸਿੰਘ ਪੁੱਤਰ ਗੁਰਮੇਲ ਸਿੰਘ ਤੇ ਰਵਿੰਦਰਪਾਲ ਸਿੰਘ ਬੱਬੀ ਪੁੱਤਰ ਨਛੱਤਰਪਾਲ ਸਿੰਘ ਬਰਾੜ, ਦਵਿੰਦਰਪਾਲ ਸਿੰਘ ਉਰਫ ਰਾਣਾ ਨਾਲ ਵਿਵਾਦ ਚੱਲ ਰਿਹਾ ਹੈ।

ਸ਼ਨੀਵਾਰ ਵੀ ਉਨ੍ਹਾਂ ਦਾ ਰਿਸ਼ਤੇਦਾਰ ਦਰਸ਼ਨ ਸਿੰਘ ਮੋਫਰ ਉਨ੍ਹਾਂ ਦੇ ਪਿਤਾ ਤੇ ਭਰਾ ਨਾਲ ਖੇਤ ਗਿਆ, ਜਿਥੇ ਰਾਣਾ ਵਲੋਂ ਇਕ ਹੋਰ ਅਣਪਛਾਤੇ ਸਾਥੀ ਨਾਲ ਜ਼ਮੀਨ ’ਚ ਜ਼ਬਰੀ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਗਈ। ਇਸ ਤੋਂ ਬਾਅਦ ਦਵਿੰਦਰਪਾਲ ਸਿੰਘ ਰਾਣਾ ਨੇ ਆਪਣਾ ਟਰੈਕਟਰ ਉਸ ਦੇ ਪਿਤਾ ਦੀ ਗੱਡੀ ਅੱਗੇ ਲਾ ਲਿਆ। ਇਸ ਦੌਰਾਨ ਹੋਏ ਤਕਰਾਰ ’ਚ ਦਵਿੰਦਰਪਾਲ ਸਿੰਘ ਰਾਣਾ ਨੇ ਸਾਡੇ ਰਿਸ਼ਤੇਦਾਰ ਦਰਸ਼ਨ ਸਿੰਘ ਮੋਫਰ ਦੇ ਸਾਹਮਣੇ ਉਸ ਦੇ ਪਿਤਾ ਤੇ ਭਰਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਸਾਜੀਆ ਬਰਾੜ ਨੇ ਦਿੱਤੇ ਬਿਆਨਾਂ ’ਚ ਕਿਹਾ ਕਿ ਇਹ ਕਤਲ ਨਛੱਤਰਪਾਲ ਸਿੰਘ ਪੁੱਤਰ ਗੁਰਮੇਲ ਸਿੰਘ, ਰਵਿੰਦਰਪਾਲ ਸਿੰਘ ਬੱਬੀ ਪੁੱਤਰ ਨਛੱਤਰਪਾਲ ਸਿੰਘ ਨੇ ਸਾਜਿਸ਼ ਤਹਿਤ ਕਰਾਏ ਹਨ।

Leave a Reply

Your email address will not be published. Required fields are marked *