ਚੰਡੀਗੜ੍ਹ : ਪੰਜਾਬ ਦਾ ਮੌਸਮ ਇਕ ਵਾਰ ਫ਼ਿਰ ਕਰਵਟ ਲੈਣ ਜਾ ਰਿਹਾ ਹੈ। ਪਿਛਲੇ ਕੁਝ ਦਿਨਾਂ ਤੋਂ ਮੀਂਹ, ਹਨੇਰੀ ਤੇ ਗੜੇਮਾਰੀ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੋਈ ਸੀ। ਇਹ ਸਭ ਪੱਛਮੀ ਪ੍ਰਭਾਅ ਦਾ ਅਸਰ ਸੀ, ਪਰ ਹੁਣ ਇਸ ਦਾ ਅਸਰ ਹੌਲ਼ੀ-ਹੌਲ਼ੀ ਖ਼ਤਮ ਹੋ ਰਿਹਾ ਹੈ ਤੇ ਪੰਜਾਬ ਵਿਚ ਇਕ ਵਾਰ ਫ਼ਿਰ ਗਰਮੀ ਵੱਧਣ ਲੱਗ ਪਈ ਹੈ। ਪਿਛਲੇ 24 ਘੰਟਿਆਂ ਵਿਚ ਤਾਪਮਾਨ ਵਿਚ 0.6 ਡਿਗਰੀ ਵਾਧਾ ਹੋਇਆ ਹੈ। ਇਸ ਵੇਲੇ ਸੂਬੇ ਦਾ ਤਾਪਮਾਨ ਆਮ ਨਾਲੋਂ 2.3 ਡਿਗਰੀ ਵੱਧ ਹੈ। ਫਰੀਦਕੋਟ ਵਿਚ ਤਾਪਮਾਨ 42.7 ਡਿਗਰੀ ਤਕ ਪਹੁੰਚ ਗਿਆ ਹੈ, ਜੋ ਸੂਬੇ ਵਿਚੋਂ ਸਭ ਤੋਂ ਵੱਧ ਹੈ। ਇਸੇ ਤਰ੍ਹਾਂ ਘੱਟੋ-ਘੱਟ ਤਾਪਮਾਨ ਵਿਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ ਤੇ ਸਾਰੇ ਜ਼ਿਲ੍ਹਿਆਂ ਵਿਚ ਹੀ ਇਹ 20 ਡਿਗਰੀ ਤੋਂ ਉੱਪਰ ਜਾ ਚੁੱਕਿਆ ਹੈ।
ਭਾਰਤੀ ਮੌਸਮ ਵਿਗਿਆਨ ਕੇਂਦਰ ਮੁਤਾਬਕ ਅਗਲੇ 48 ਘੰਟਿਆਂ ਤਕ ਤਾਪਮਾਨ ਵਿਚ ਜ਼ਿਆਦਾ ਬਦਲਾਅ ਨਹੀਂ ਆਵੇਗਾ ਤੇ ਉਸ ਤੋਂ ਬਾਅਦ 2 ਤੋਂ 3 ਡਿਗਰੀ ਦਾ ਹੋਰ ਵਾਧਾ ਵੀ ਹੋ ਸਕਦਾ ਹੈ। ਆਉਣ ਵਾਲੇ ਦਿਨਾਂ ਵਿਚ ਮੀਂਹ ਦੀ ਵੀ ਕੋਈ ਸੰਭਾਵਨਾ ਨਹੀਂ ਜਤਾਈ ਗਈ, ਜਿਸ ਕਾਰਨ ਲੋਕਾਂ ਨੂੰ ਗਰਮੀ ਦਾ ਸਾਹਮਣਾ ਕਰਨਾ ਪਵੇਗਾ। ਹਾਲਾਂਕਿ ਵਿਭਾਗ ਵੱਲੋਂ ਇਸ ਹਫ਼ਤੇ ਲਈ ਫ਼ਿਲਹਾਲ ਕਿਸੇ ਕਿਸਮ ਦਾ ਕੋਈ ਅਲਰਟ ਵੀ ਜਾਰੀ ਨਹੀਂ ਕੀਤਾ ਗਿਆ ਹੈ, ਜਦਕਿ ਪੰਜਾਬ ਦੇ ਨਾਲ ਲੱਗਦੇ ਸੂਬਿਆਂ ਵਿਚ ਇਸ ਹਫ਼ਤੇ ਲੂ ਦਾ ਯੈਲੋ ਅਲਰਟ ਹੈ।