ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਹਲਕੇ ਦੇ ਪਿੰਡਾਂ ਵਿਚ ਘੇਰਨ ਦੀ ਕੋਸ਼ਿਸ਼ ਕਰਦੇ ਸਮੇਂ ਕਿਸਾਨ ਜਥੇਬੰਦੀਆਂ ਦੇ ਆਗੂ ਸਾਹਮਣੇ ਤਾਂ ਹੋਏ ਪਰ ਦੋਹਾਂ ਵਿਚਕਾਰ ਕੋਈ ਗੱਲਬਾਤ ਨਾ ਹੋ ਸਕੀ। ਇਸ ਤੋਂ ਪਹਿਲਾ ਇਕ ਹੋਰ ਪਿੰਡ ਵਿਚ ਕਿਸਾਨਾਂ ਅਤੇ ਪੁਲੀਸ ਅਧਿਕਾਰੀਆਂ ਵਿਚਕਾਰ ਤੂੰ-ਤੂੰ ਮੈਂ-ਮੈਂ ਹੋ ਗਈ। ਜਾਣਕਾਰੀ ਅਨੁਸਾਰ ਪੁਲੀਸ ਨੇ ਕਿਸਾਨ ਆਗੂਆਂ ਨੂੰ ਰੋਕਦਿਆਂ ਕਿਹਾ ਸੀ ਕਿ ਉਨ੍ਹਾਂ ਨੂੰ ਸਪੀਕਰ ਸੰਧਵਾਂ ਨਾਲ ਮਿਲਵਾਇਆ ਜਾਵੇਗਾ, ਪਰ ਸੰਧਵਾਂ ਅਗਲੇ ਪਿੰਡ ਲਈ ਰਵਾਨਾ ਹੋ ਗਏ।
ਜ਼ਿਕਰਯੋਗ ਹੈ ਕਿ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾਂ ਹਲਕੇ ਦੇ ਪਿੰਡ ਮਿਸ਼ਰੀਵਾਲਾ ਅਤੇ ਚੰਦਬਾਜਾ ਵਿੱਚ ਸਿੱਖਿਆ ਕ੍ਰਾਂਤੀ ਅਧੀਨ ਸਕੂਲਾਂ ਵਿੱਚ ਵੱਖ ਵੱਖ ਪ੍ਰੋਜੈਕਟਾਂ ਦੇ ਨੀਹ ਪੱਥਰ ਰੱਖਣ ਲਈ ਆਏ ਸਨ।
ਕਿਸਾਨ ਆਗੂ ਹੁਸ਼ਿਆਰ ਸਿੰਘ ਮਿਸ਼ਰੀ ਵਾਲਾ, ਲਖਵਿੰਦਰ ਸਿੰਘ ਚੰਦਬਾਜਾ, ਪਰਮਜੀਤ ਕੌਰ ਅਤੇ ਕਰਮਜੀਤ ਕੌਰ ਮਿਸ਼ਰੀਵਾਲਾ ਨੇ ਦੱਸਿਆ ਕਿ ਉਹ ਕੁਲਤਾਰ ਸਿੰਘ ਸੰਧਵਾਂ ਨੂੰ ਮਿਲ ਕੇ ਕਿਸਾਨੀ ਧਰਨੇ ਤੋਂ ਚੋਰੀ ਹੋਏ ਸਮਾਨ ਬਾਰੇ ਗੱਲਬਾਤ ਕਰਨਾ ਚਾਹੁੰਦੇ ਸਨ, ਪਰ ਪੁਲੀਸ ਨੇ ਉਨ੍ਹਾਂ ਨੂੰ ਮਿਲਣ ਨਹੀਂ ਦਿੱਤਾ। ਹਾਲਾਂਕਿ ਬਾਅਦ ਵਿੱਚ ਪੁਲੀਸ ਨੇ ਕਿਸਾਨ ਆਗੂਆਂ ਨੂੰ ਸਪੀਕਰ ਨਾਲ ਮਿਲਾਉਣ ਲਈ ਅਗਲੇ ਪਿੰਡ ਚੰਦਬਾਜਾ ਵਿਖੇ ਲੈ ਕੇ ਪੁੱਜੇ। ਪਰ ਉੱਥੇ ਜਿਉਂ ਹੀ ਕਿਸਾਨਾਂ ਨੂੰ ਮਿਲਣ ਲਈ ਕਮਰੇ ਵਿੱਚ ਸਪੀਕਰ ਸੰਧਵਾਂ ਪਹੁੰਚੇ ਤਾਂ ਕਿਸਾਨ ਆਗੂਆਂ ਨੇ ਸਾਰੀ ਗੱਲ ਮੀਡੀਆ ਸਾਹਮਣੇ ਗੱਲਬਾਤ ਕਰਨ ਦੀ ਸ਼ਰਤ ਰੱਖੀ, ਇਸ ਉਪਰੰਤ ਉਨ੍ਹਾਂ ਨਾਰੇਬਾਜੀ ਸ਼ੁਰੂ ਕਰ ਦਿੱਤੀ ਤੇ ਸਪੀਕਰ ਸੰਧਵਾਂ ਬਿਨਾਂ ਕੋਈ ਗੱਲਬਾਤ ਕੀਤੇ ਕਮਰੇ ਵਿੱਚੋਂ ਬਾਹਰ ਆ ਗਏ।
ਸਪੀਕਰ ਸੰਧਵਾਂ ਨੇ ਕਿਹਾ ਕਿ ਉਹ ਗੱਲਬਾਤ ਕਰਨ ਨੂੰ ਤਿਆਰ ਹਨ ਪਰ ਕਿਸਾਨ ਆਗੂ ਕੋਈ ਗੱਲ ਕਰਨ ਦੀ ਬਜਾਏ ਉਨ੍ਹਾਂ ਨੂੰ ਬਿਨਾਂ ਵਜ੍ਹਾ ਪ੍ਰੇਸ਼ਾਨ ਕਰ ਰਹੇ ਸਨ।