ਉੱਤਰਾਖੰਡ ਸਥਿਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਆਲੇ ਦੁਆਲੇ ਜੰਮੀ ਬਰਫ ਹਟਾਉਣ ਅਤੇ ਰਸਤਾ ਬਣਾਉਣ ਵਾਸਤੇ ਭਾਰਤੀ ਫੌਜੀ ਜਵਾਨਾਂ ਦਾ ਇੱਕ ਦਲ ਅੱਜ ਗੁਰਦੁਆਰਾ ਗੋਬਿੰਦ ਘਾਟ ਪੁੱਜ ਗਿਆ ਹੈ, ਜੋ 19 ਅਪਰੈਲ ਤੋਂ ਇਹ ਸੇਵਾ ਆਰੰਭ ਕਰ ਦੇਵੇਗਾ। ਕਰੀਬ 15000 ਫੁੱਟ ਦੀ ਉਚਾਈ ’ਤੇ ਸਥਾਪਿਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ 25 ਮਈ ਤੋਂ ਸੰਗਤ ਲਈ ਖੋਲ੍ਹੇ ਜਾਣਗੇ।
ਇਸ ਤੋਂ ਪਹਿਲਾਂ ਭਾਰਤੀ ਫੌਜ ਦੇ ਜਵਾਨਾਂ ਦੇ ਇੱਕ ਦਲ ਨੇ ਇਸ ਇਲਾਕੇ ਦਾ ਸਰਵੇਖਣ ਕੀਤਾ ਹੈ ਤਾਂ ਜੋ ਉਸ ਦੇ ਮੁਤਾਬਕ ਬਰਫ ਹਟਾਉਣ ਅਤੇ ਰਸਤੇ ਬਣਾਉਣ ਦਾ ਕੰਮ ਸ਼ੁਰੂ ਕੀਤਾ ਜਾ ਸਕੇ। ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਤੱਕ ਦੇ ਮਾਰਗ ਦੀ ਰੇਕੀ ਕਰਕੇ ਆਈ ਟੀਮ ਮੁਤਾਬਕ ਇਸ ਵੇਲੇ ਅਟਲਾਕੋਟੀ ਗਲੇਸ਼ੀਅਰ ਪੂਰੀ ਤਰ੍ਹਾਂ ਬਰਫ ਨਾਲ ਢੱਕਿਆ ਹੋਇਆ ਹੈ ਅਤੇ ਇਸ ਉੱਪਰ ਕਰੀਬ 30 ਫੁੱਟ ਤੱਕ ਬਰਫ ਜੰਮੀ ਹੋਈ ਹੈ। ਛੋਟੇ ਅਟਲਾਕੋਟੀ ਗਲੇਸ਼ੀਅਰ ’ਤੇ 10 ਫੁੱਟ ਤੱਕ ਬਰਫ ਹੈ। ਇਸੇ ਤਰ੍ਹਾਂ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਆਲੇ ਦੁਆਲੇ ਵੀ 8 ਤੋਂ 10 ਫੁੱਟ ਤੱਕ ਬਰਫ ਜੰਮੀ ਹੋਈ ਹੈ। ਗੁਰਦੁਆਰਾ ਗੋਬਿੰਦ ਧਾਮ ਤੋਂ ਲੈ ਕੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਛੇ ਕਿਲੋਮੀਟਰ ਲੰਬੇ ਮਾਰਗ ’ਤੇ ਵੀ ਦੋ ਤੋਂ ਸੱਤ ਫੁੱਟ ਤੱਕ ਬਰਫ ਜੰਮੀ ਹੋਈ ਹੈ।
ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ 25 ਮਈ ਨੂੰ ਸੰਗਤ ਵਾਸਤੇ ਖੋਲ੍ਹੇ ਜਾਣਗੇ ਜਦੋਂ ਕਿ ਇਹ ਸਾਲਾਨਾ ਯਾਤਰਾ 22 ਮਈ ਨੂੰ ਪੰਜ ਪਿਆਰਿਆਂ ਦੀ ਅਗਵਾਈ ਹੇਠ ਗੁਰਦੁਆਰਾ ਸ੍ਰੀ ਰਿਸ਼ੀਕੇਸ਼ ਤੋਂ ਆਰੰਭ ਹੋਵੇਗੀ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਅਤੇ ਇਸ ਦੇ ਯਾਤਰਾ ਮਾਰਗ ਵਿੱਚ ਜੰਮੀ ਬਰਫ ਨੂੰ ਹਟਾਉਣ ਅਤੇ ਹੋਰ ਪ੍ਰਬੰਧ ਕਰਨ ਵਿੱਚ ਕਰੀਬ ਤਿੰਨ ਹਫਤੇ ਤੋਂ ਇੱਕ ਮਹੀਨੇ ਦਾ ਸਮਾਂ ਲੱਗੇਗਾ। ਇਸ ਲਈ ਭਾਰਤੀ ਫੌਜ ਦੇ ਜਵਾਨਾਂ ਵੱਲੋਂ ਇਹ ਕੰਮ ਕਰੀਬ ਇੱਕ ਮਹੀਨਾ ਪਹਿਲਾਂ ਸ਼ੁਰੂ ਕੀਤਾ ਜਾ ਰਿਹਾ ਹੈ।