ਥਾਣਾ ਕਬਰਵਾਲਾ ਦੀ ਹਵਾਲਾਤ ਵਿਚੋਂ ਫਰਾਰ ਹੋਏ ਤਿੰਨੇ ਮੁਲਜ਼ਮਾਂ ਨੂੰ ਪੁਲੀਸ ਨੇ 36 ਘੰਟਿਆਂ ਵਿੱਚ ਕਾਬੂ ਕਰ ਲਿਆ ਹੈ। ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪੁਲੀਸ ਮੁਖੀ ਅਖਿਲ ਚੌਧਰੀ ਨੇ ਇਸ ਦੀ ਪੁਸ਼ਟੀ ਕੀਤੀ ਹੈ। ਤੀਸਰੇ ਮੁਲਜ਼ਮ ਦੀ ਗ੍ਰਿਫ਼ਤਾਰੀ ਅੱਜ ਤੜਕੇ ਹੋਈ ਦੱਸੀ ਜਾਂਦੀ ਹੈ। ਐੱਨਡੀਪੀਸੀ ਐਕਟ ਦੇ 3.30 ਕੁਇੰਟਲ ਭੁੱਕੀ ਚੂਰਾ ਪੋਸਤ ਮਾਮਲੇ ਦੇ ਫਰਾਰ ਮੁਲਜ਼ਮ ਬਾਬੂ ਸਿੰਘ ਨੂੰ ਐਤਵਾਰ ਦਿਨ ਵੇਲੇ ਹੀ ਸ੍ਰੀ ਮੁਕਤਸਰ ਸਾਹਿਬ ਤੋਂ ਕਾਬੂ ਕਰ ਲਿਆ ਗਿਆ ਸੀ ਜਦੋਂਕਿ ਦੂਸਰਾ ਮੁਲਜ਼ਮ ਕੱਲ੍ਹ ਰਾਤ ਹੀ ਫੜ ਲਿਆ ਗਿਆ ਸੀ। ਜ਼ਿਕਰਯੋਗ ਹੈ ਕਿ ਦੋ ਵੱਖ-ਵੱਖ ਮੁਕੱਦਮਿਆਂ ਵਿਚ ਗ੍ਰਿਫਤਾਰ ਤਿੰਨੇ ਮੁਲਜ਼ਮ ਸ਼ਨਿੱਚਰਵਾਰ ਰਾਤ ਨੂੰ ਥਾਣਾ ਕਬਰਵਾਲਾ ਦੀ ਹਵਾਲਾਤ ਦਾ ਜੰਗਲਾ ਤੋੜ ਕੇ ਫਰਾਰ ਹੋ ਗਏ ਸਨ।
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਪੁਲੀਸ ਨੇ ਮਹਿਜ਼ 36 ਘੰਟਿਆਂ ਵਿਚ ਤਿੰਨੇ ਮੁਲਜ਼ਮਾਂ ਨੂੰ ਦੁਬਾਰਾ ਤੋਂ ਫੜ ਕੇ ਖਾਕੀ ਦੀ ਕਾਰਗੁਜ਼ਾਰੀ ਉੱਪਰ ਲੱਗੇ ਵੱਡੇ ਦਾਗ ਨੂੰ ਧੋਣ ਵਿੱਚ ਕਾਫੀ ਹੱਦ ਤੱਕ ਸਫਲਤਾ ਪ੍ਰਾਪਤ ਕੀਤੀ ਹੈ। ਹਵਾਲਾਤ ਤੋੜਨ ਦੀ ਘਟਨਾ ਥਾਣਾ ਕਬਰਵਾਲਾ ਦੀ ਇਮਾਰਤ ਕਾਫੀ ਖਸਤਾਹਾਲ ਹੋਣ ਕਰਕੇ ਵਾਪਰੀ ਸੀ, ਜਿਸ ਦਾ ਲਾਹਾ ਲੈਂਦੇ ਤਿੰਨੇ ਮੁਲਜ਼ਮ ਜੰਗਾਲ ਖਾਧਾ ਹਵਾਲਾਤ ਦਾ ਜੰਗਲਾ ਤੋੜ ਕੇ ਭੱਜ ਗਏ ਸਨ।
ਉਕਤ ਮਾਮਲੇ ਵਿਚ ਲਾਪਰਵਾਹੀ ਦੇ ਦੋਸ਼ਾਂ ਤਹਿਤ ਥਾਣਾ ਕਬਰਵਾਲਾ ਦੇ ਮੁਖੀ ਦਵਿੰਦਰ ਕੁਮਾਰ ਅਤੇ ਉਪ ਮੁਨਸ਼ੀ (ਨਾਈਟ) ਨਰਿੰਦਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਲੰਬੀ ਦੇ ਡੀਐਸਪੀ ਜਸਪਾਲ ਸਿੰਘ ਦੇ ਬਿਆਨ ’ਤੇ ਬੀਐਨਐਸ ਦੀ ਧਾਰਾ 260 ਅਤੇ 261 ਤਹਿਤ ਤਿੰਨੇ ਫਰਾਰ ਮੁਲਜ਼ਮਾਂ ਤੋਂ ਇਲਾਵਾ ਡਿਊਟੀ ਵਿੱਚ ਅਣਗਹਿਲੀ ਦੇ ਦੋਸ਼ਾਂ ਤਹਿਤ ਡਿਊਟੀ ਅਫਸਰ ਏਐਸਆਈ ਜਰਨੈਲ ਸਿੰਘ, ਉਪ ਮੁਨਸ਼ੀ (ਨਾਈਟ) ਨਰਿੰਦਰ ਸਿੰਘ, ਤਿੰਨ ਹੋਮ ਗਾਰਡ ਮੁਲਾਜ਼ਮ ਰਣਜੀਤ ਸਿੰਘ, ਮਨਜੀਤ ਸਿੰਘ ਅਤੇ ਮਹਿਤਾਬ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਸੀ।
ਦੱਸਣਯੋਗ ਹੈ ਕਿ ਇਹ ਫਰਾਰ ਮੁਲਜ਼ਮ ਚਾਰ ਦਿਨਾਂ ਦੇ ਪੁਲੀਸ ਰਿਮਾਂਡ ’ਤੇ ਸਨ। ਇਨ੍ਹਾਂ ਵਿਚੋਂ ਬੂਟਾ ਸਿੰਘ ਵਾਸੀ ਸ੍ਰੀ ਮੁਕਤਸਰ ਸਾਹਿਬ ਅਤੇ ਲਵਟੈਣ ਸਿੰਘ ਉਰਫ ਲਵ ਵਾਸੀ ਢਾਣੀ ਪਿੰਡ ਜੰਡਵਾਲਾ ਭੀਮੇਸ਼ਾਹ (ਫਾਜ਼ਿਲਕਾ) ਨੂੰ ਬੀਤੇ ਦਿਨ ਟਰੱਕ ਵਿੱਚ ਪਿਆਜ਼ਾਂ ਦੇ ਗੱਟਿਆਂ ਵਿਚ 3.30 ਕੁਇੰਟਲ ਭੁੱਕੀ ਚੂਰਾ ਪੋਸਤ ਲੁਕੋ ਕੇ ਲਿਜਾਣ ਦੇ ਮਾਮਲੇ ਗ੍ਰਿਫਤਾਰ ਕੀਤਾ ਗਿਆ ਸੀ। ਤੀਸਰਾ ਮੁਲਜਮ ਸ਼ਮਸ਼ੇਰ ਸਿੰਘ ਸ਼ੰਮੀ ਕੁਝ ਦਿਨ ਪਹਿਲਾਂ ਪਿੰਡ ਸਰਾਵਾਂ ਬੋਦਲਾ ਵਿਖੇ ਮੋਟਰ ਸਾਈਕਲ ਦੀ ਸਾੜ ਫੂਕ ਵਾਰਦਾਤ ਵਿੱਚ ਸ਼ਾਮਲ ਸੀ।