ਬੰਬਾਂ ਬਾਰੇ ਬਿਆਨ: ਮੁਹਾਲੀ ਪੁਲੀਸ ਨੇ ਪ੍ਰਤਾਪ ਬਾਜਵਾ ਨੂੰ ਪੁੱਛ-ਪੜਤਾਲ ਲਈ ਸੱਦਿਆ

50 bombs in Punjab ਪੰਜਾਬ ਪੁਲੀਸ ਨੇ ‘ਬੰਬਾਂ ਬਾਰੇ ਬਿਆਨ’ ਮਾਮਲੇ ਵਿਚ ਐਤਵਾਰ ਦੇਰ ਸ਼ਾਮ ਕੇਸ ਦਰਜ ਕੀਤੇ ਜਾਣ ਮਗਰੋਂ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਤੇ ਸੀਨੀਅਰ ਕਾਂਗਰਸੀ ਨੇਤਾ ਪ੍ਰਤਾਪ ਸਿੰਘ ਬਾਜਵਾ ਨੂੰ ਪੁੱਛ ਪੜਤਾਲ ਲਈ ਸੱਦਿਆ ਹੈ।

ਐੈੱਸਪੀ ਮੁਹਾਲੀ ਵੱਲੋਂ ਜਾਰੀ ਨੋਟਿਸ ਵਿਚ ਬਾਜਵਾ ਨੂੰ ਦੁਪਹਿਰ 12 ਵਜੇ ਮੁਹਾਲੀ ਦੇ ਫੇਜ਼ 7 ਵਿਚ ਸਾਈਬਰ ਅਪਰਾਧ ਪੁਲੀਸ ਥਾਣੇ ਵਿਚ ਪੇਸ਼ ਹੋਣ ਲਈ ਕਿਹਾ ਗਿਆ ਹੈ। ਮੁਹਾਲੀ ਥਾਣੇ ਵਿਚ ਬੀਐੱਨਐੱਸ ਦੀ ਧਾਰਾ 353 (2), 197(1) ਡੀ ਤਹਿਤ ਪ੍ਰਤਾਪ ਸਿੰਘ ਬਾਜਵਾ ਖਿਲਾਫ਼ ਕੇਸ (ਐੱਫਆਈਆਰ ਨੰ.19) ਦਰਜ ਕੀਤਾ ਗਿਆ ਹੈ।

ਦੱਸਣਯੋਗ ਹੈ ਕਿ ਇੱਕ ਨਿੱਜੀ ਟੀਵੀ ਚੈਨਲ ’ਤੇ ਇੰਟਰਵਿਊ ਦੌਰਾਨ ਬਾਜਵਾ ਨੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਸੀ ਕਿ ਪੰਜਾਬ ਵਿੱਚ ਕਈ ਬੰਬ ਆਏ ਹਨ ਜਿਨ੍ਹਾਂ ’ਚੋਂ 18 ਫਟ ਚੁੱਕੇ ਹਨ ਜਦੋਂ ਕਿ 32 ਬੰਬ ਹੋਰ ਪਏ ਹਨ। ਇਸ ਮਗਰੋਂ ਸਿਆਸਤ ਭਖ਼ ਗਈ ਸੀ। ਪੰਜਾਬ ਸਰਕਾਰ ਨੇ ਕਾਫੀ ਲੰਮੇ ਸਮੇਂ ਮਗਰੋਂ ਕਿਸੇ ਸੀਨੀਅਰ ਕਾਂਗਰਸੀ ਨੇਤਾ ਨੂੰ ਕਟਹਿਰੇ ਵਿੱਚ ਖੜ੍ਹਾ ਕੀਤਾ ਹੈ। ਬਾਜਵਾ ਵੱਲੋਂ ਪ੍ਰਾਈਵੇਟ ਟੀਵੀ ਚੈਨਲ ’ਤੇ ਇਸ ਖ਼ੁਲਾਸੇ ਮਗਰੋਂ ਜਦੋਂ ਮਾਮਲਾ ਭਖ਼ਿਆ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਪੁਲੀਸ ਨੂੰ ਫ਼ੌਰੀ ਐਕਸ਼ਨ ਦੀ ਹਦਾਇਤੀ ਕੀਤੀ ਸੀ। ਇਸ ਮਗਰੋਂ ਕਾਊਂਟਰ ਇੰਟੈਲੀਜੈਂਸ ਦੀ ਟੀਮ ਨੇ ਬਾਜਵਾ ਦੀ ਰਿਹਾਇਸ਼ ’ਤੇ ਦਸਤਕ ਦਿੱਤੀ। ਮੁੱਖ ਮੰਤਰੀ ਨੇ ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਬਾਜਵਾ ਨੂੰ ਸੁਆਲ ਕੀਤੇ ਸਨ ਕਿ ਉਨ੍ਹਾਂ ਦੀ ਬੰਬਾਂ ਬਾਰੇ ਸੂਚਨਾ ਦਾ ਸਰੋਤ ਕੀ ਹੈੈ? ਮੁੱਖ ਮੰਤਰੀ ਨੇ ਕਿਹਾ ਸੀ ਕਿ ਜੇ ਬਾਜਵਾ ਕੋਲ ਅਜਿਹੀ ਸੂਚਨਾ ਹੈ ਤਾਂ ਉਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਸੀ ਕਿ ਉਹ ਪੰਜਾਬ ਪੁਲੀਸ ਨਾਲ ਸਾਂਝੀ ਕਰਦੇ। ਇਸ ਮਗਰੋਂ ਸੂਬਾ ਖ਼ੁਫ਼ੀਆ ਏਜੰਸੀ ਦੀ ਇੱਕ ਟੀਮ ਬਾਜਵਾ ਦੇ ਚੰਡੀਗੜ੍ਹ ਸਥਿਤ ਸੈਕਟਰ-8 ਵਿਚਲੇ ਘਰ ਵਿੱਚ ਬਿਆਨ ਦਰਜ ਕਰਨ ਪਹੁੰਚੀ ਸੀ। ਖ਼ੁਫ਼ੀਆ ਏਜੰਸੀ ਦੇ ਮੈਂਬਰਾਂ ਨੇ ਕਿਹਾ ਸੀ ਕਿ ਬਾਜਵਾ ਨੇ ਬੰਬਾਂ ਵਾਲੀ ਸੂਚਨਾ ਦਾ ਸਰੋਤ ਦੱਸਣ ਤੋਂ ਇਨਕਾਰ ਕਰ ਦਿੱਤਾ ਹੈ। ਉਂਝ ਬਾਜਵਾ ਨੇ ਕਿਹਾ ਕਿ ਜੇ ਮੁੱਖ ਮੰਤਰੀ ਉਨ੍ਹਾਂ ਖ਼ਿਲਾਫ਼ ਕੋਈ ਕੇਸ ਦਰਜ ਕਰਦੇ ਹਨ ਤਾਂ ਇਹ ਸਿਆਸੀ ਬਦਲਾਖੋਰੀ ਹੋਵੇਗੀ।

Leave a Reply

Your email address will not be published. Required fields are marked *