ਭਾਜਪਾ ਨੇ ਵੀਰਵਾਰ ਨੂੰ ਸੱਤਾਧਾਰੀ ‘ਆਪ’ ਦੀ ‘ਸਿੱਖਿਆ ਕ੍ਰਾਂਤੀ’ ਪਹਿਲਕਦਮੀ ਨੂੰ ‘ਉਦਘਾਟਨ ਕ੍ਰਾਂਤੀ’ ਕਿਹਾ ਅਤੇ ਦੋਸ਼ ਲਗਾਇਆ ਕਿ ਪੰਜਾਬ ਦੀ ਸਰਕਾਰ ਸਿੱਖਿਆ ਖੇਤਰ ਵਿੱਚ ਕੋਈ ਸੁਧਾਰ ਲਿਆਉਣ ਵਿੱਚ ਅਸਫ਼ਲ ਰਹੀ ਹੈ। ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਸੂਬਾ ਸਰਕਾਰ ਨੇ ਸਿੱਖਿਆ ਕ੍ਰਾਂਤੀ ਇਕ 54 ਦਿਨਾਂ ਸਿੱਖਿਆ ਉਤਸਵ ਦੀ ਸ਼ੁਰੂਆਤ ਕੀਤੀ, ਜਿਸ ਵਿੱਚ 12,000 ਸਰਕਾਰੀ ਸਕੂਲਾਂ ਵਿੱਚ 2,000 ਕਰੋੜ ਰੁਪਏ ਦੇ ਨਵੇਂ ਵਿਕਸਤ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਜਾ ਰਿਹਾ ਹੈ।
ਪੰਜਾਬ ਭਾਜਪਾ ਦੇ ਜਨਰਲ ਸਕੱਤਰ ਅਨਿਲ ਸਰੀਨ ਨੇ ਗੱਲਬਾਤ ਕਰਦਿਆਂ ਕਿਹਾ, “ਕੀ ਇਹ ‘ਸਿੱਖਿਆ ਕ੍ਰਾਂਤੀ’ ਹੈ ਜਾਂ ‘ਉਦਘਾਟਨ ਕ੍ਰਾਂਤੀ’ ਕਿਉਂਕਿ ਉਨ੍ਹਾਂ (ਆਪ ਸਰਕਾਰ) ਨੇ ਸਿੱਖਿਆ ਦੇ ਖੇਤਰ ਵਿੱਚ ਕੁਝ ਨਹੀਂ ਕੀਤਾ ਹੈ? ਪਰ ਅਸੀਂ ਰੋਜ਼ਾਨਾ ਦੇਖ ਰਹੇ ਹਾਂ ਕਿ ‘ਆਪ’ ਮੰਤਰੀ ਅਤੇ ਵਿਧਾਇਕ ਸਰਕਾਰੀ ਸਕੂਲਾਂ ਵਿੱਚ ਉਦਘਾਟਨ ਕਰ ਰਹੇ ਹਨ।
ਸਰੀਨ ਨੇ ਕਿਹਾ, ‘‘ ਆਮ ਆਦਮੀ ਪਾਰਟੀ ਦੇ ਵਿਧਾਇਕ ਲਾਭ ਸਿੰਘ ਉਗੋਕੇ ਨੇ ਇਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਮੁਰੰਮਤ ਕੀਤੇ ਟਾਇਲਟ ਦਾ ਉਦਘਾਟਨ ਕੀਤਾ। ਜਿਸ ਬਾਰੇ ਪੱਥਰ ’ਤੇ ਵੀ ਜ਼ਿਕਰ ਹੈ। ਇਹ ਕਿਸ ਤਰ੍ਹਾਂ ਦੀ ‘ਕ੍ਰਾਂਤੀ’ ਹੈ?” ਸਰੀਨ ਨੇ ਸਕੂਲ ਆਫ਼ ਐਮੀਨੈਂਸ ਦੇ ਉਦਘਾਟਨੀ ਪੱਥਰ ’ਤੇ ਪਾਰਟੀ ਨੇਤਾ ਮਨੀਸ਼ ਸਿਸੋਦੀਆ ਦੇ ਨਾਮ ਦਾ ਜ਼ਿਕਰ ਕਰਨ ‘ਤੇ ‘ਆਪ’ ਸਰਕਾਰ ਨੂੰ ਵੀ ਘੇਰਿਆ। ਉਨ੍ਹਾਂ ਪੁੱਛਿਆ, “ਕਿਸ ਹੈਸੀਅਤ ਨਾਲ ਸਿਸੋਦੀਆ ਦਾ ਨਾਮ ਲਿਖਿਆ ਗਿਆ ਹੈ?”