ਡੇਰਾ ਮੁਖੀ ਬੁੱਧਵਾਰ ਸਵੇਰੇ ਜੇਲ੍ਹ ’ਚੋਂ ਬਾਹਰ ਆਇਆ ਤੇ ਸਿਰਸਾ ਵਿਚਲੇ ਆਪਣੇ ਡੇਰੇ ਲਈ ਰਵਾਨਾ ਹੋ ਗਿਆ। ਡੇਰਾ ਮੁਖੀ ਵੱਲੋਂ 21 ਦਿਨਾਂ ਦੀ ਫਰਲੋ ਦੌਰਾਨ ਇਥੇ ਹੀ ਰਹਿਣ ਦੀ ਉਮੀਦ ਹੈ। ਪੁਲੀਸ ਦੇ ਸੂਤਰਾਂ ਮੁਤਾਬਕ ਫਰਲੋ ਦੇ ਅਰਸੇ ਦੌਰਾਨ ਗੁਰਮੀਤ ਸਿੰਘ ਦੀਆਂ ਸਰਗਰਮੀਆਂ ’ਤੇ ਸਖ਼ਤ ਨਜ਼ਰ ਰੱਖੀ ਜਾਵੇਗੀ। ਉਂਝ ਇਹਤਿਆਤ ਵਜੋਂ ਸਿਰਸਾ ਆਸ਼ਰਮ ਅਤੇ ਆਲੇ-ਦੁਆਲੇ ਵਿਆਪਕ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।
ਇਸ ਤੋਂ ਪਹਿਲਾਂ ਜਨਵਰੀ ਵਿਚ ਦਿੱਲੀ ਅਸੈਂਬਲੀ ਦੀਆਂ 5 ਫਰਵਰੀ ਨੂੰ ਹੋਣ ਵਾਲੀਆਂ ਚੋਣਾਂ ਤੋਂ ਐਨ ਪਹਿਲਾਂ ਡੇਰਾ ਮੁਖੀ ਨੂੰ 30 ਦਿਨਾਂ ਦੀ ਪੈਰੋਲ ਦਿੱਤੀ ਗਈ ਸੀ। ਡੇਰਾ ਮੁਖੀ ਨੂੰ ਆਪਣੇ ਡੇਰੇ ਦੀਆਂ ਦੋ ਸਾਧਵੀਆਂ ਨਾਲ ਬਲਾਤਕਾਰ ਦੇ ਦੋਸ਼ ਤਹਿਤ 2017 ਵਿਚ 20 ਸਾਲ ਦੀ ਸਜ਼ਾ ਸੁਣਾਈ ਗਈ ਸੀ।
ਪਿਛਲੇ ਸਾਲ 1 ਅਕਤੂਬਰ ਨੂੰ ਡੇਰਾ ਮੁਖੀ ਨੂੰ 20 ਦਿਨਾਂ ਦੀ ਪੈਰੋਲ ਮਿਲੀ ਸੀ। ਇਹ ਪੈਰੋਲ ਵੀ 5 ਅਕਤੂਬਰ ਨੂੰ ਹਰਿਆਣਾ ਅਸੈਂਬਲੀ ਚੋਣਾਂ ਤੋਂ ਐਨ ਪਹਿਲਾਂ ਦਿੱਤੀ ਗਈ ਸੀ। ਕਾਬਿਲੇਗੌਰ ਹੈ ਕਿ ਬੀਤੇ ਵਿਚ ਵੀ ਡੇਰਾ ਮੁਖੀ ਨੂੰ ਪੰਜਾਬ, ਹਰਿਆਣਾ ਤੇ ਗੁਆਂਢੀ ਰਾਜਾਂ ਵਿਚ ਚੋਣਾਂ ਤੋਂ ਪਹਿਲਾਂ ਪੈਰੋਲ ਤੇ ਫਰਲੋ ਮਿਲਦੀ ਰਹੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਡੇਰਾ ਮੁਖੀ ਨੂੰ ਫਰਲੋ ਜਾਂ ਪੈਰੋਲ ਦੇ ਰੂਪ ਵਿਚ ਦਿੱਤੀ ਜਾਂਦੀ ਰਾਹਤ ਦਾ ਵਿਰੋਧ ਕੀਤਾ ਜਾਂਦਾ ਰਿਹਾ ਹੈ।