ਗਾਜ਼ਾ : ਗਾਜ਼ਾ ਸ਼ਹਿਰ ਦੇ ਪੂਰਬ ਵਿਚ ਸਥਿਤ ਦਰ ਅਲ-ਅਰਕਮ ਸਕੂਲ ‘ਤੇ ਇਜ਼ਰਾਈਲੀ ਹਮਲੇ ਵਿਚ ਘੱਟੋ-ਘੱਟ 29 ਫਿਲਿਸਤੀਨੀ ਮਾਰੇ ਗਏ ਹਨ ਅਤੇ 100 ਤੋਂ ਵੱਧ ਲੋਕ ਜ਼ਖਮੀ ਹੋ ਗਏ ਹਨ। ਹਮਾਸ ਦੁਆਰਾ ਚਲਾਏ ਜਾ ਰਹੇ ਗਾਜ਼ਾ ਮੀਡੀਆ ਦਫਤਰ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਦਫਤਰ ਨੇ ਦੱਸਿਆ ਕਿ ਮਰਨ ਵਾਲਿਆਂ ਵਿਚ 18 ਬੱਚੇ, ਔਰਤਾਂ ਅਤੇ ਬੁਜ਼ੁਰਗ ਸ਼ਾਮਲ ਹਨ।
ਇਸ ਦੌਰਾਨ, ਗਾਜ਼ਾ ਦੇ ਨਾਗਰਿਕ ਸੁਰੱਖਿਆ ਦੇ ਬੁਲਾਰਾ ਮਹਮੂਦ ਬਾਸਲ ਨੇ ਦੱਸਿਆ ਕਿ ਸਕੂਲ ਲਗਾਤਾਰ ਇਜ਼ਰਾਈਲੀ ਬੰਬਬਾਰੀ ਤੋਂ ਬਚਣ ਲਈ ਵਿਸਥਾਪਿਤ ਪਰਿਵਾਰਾਂ ਨੂੰ ਸ਼ਰਨ ਦੇ ਰਿਹਾ ਸੀ। ਉਨ੍ਹਾਂ ਨੇ ਦੱਸਿਆ ਕਿ ਐਮਰਜੈਂਸੀ ਟੀਮਾਂ ਘਟਨਾ ਸਥਾਨ ‘ਤੇ ਪਹੁੰਚੀਆਂ ਅਤੇ ਮਲਬੇ ਵਿੱਚੋਂ ਲਾਸ਼ਾਂ ਕੱਢੀਆਂ ਅਤੇ ਜ਼ਖਮੀਆਂ ਦਾ ਇਲਾਜ ਕੀਤਾ। ਸਥਾਨਕ ਲੋਕਾਂ ਨੇ ਦੱਸਿਆ ਕਿ ਇਜ਼ਰਾਈਲੀ ਫੌਜ ਨੇ ਸਕੂਲ ‘ਤੇ ਤਿੰਨ ਮਿਸਾਈਲਾਂ ਨਾਲ ਹਮਲਾ ਕੀਤਾ। ਸਥਾਨਕ ਨਿਵਾਸੀ ਮੁਹੰਮਦ ਅਲਾ ਨੇ ਕਿਹਾ ਕਿ ਧਮਾਕਾ ਬਹੁਤ ਵੱਡਾ ਸੀ। ਕਈ ਲੋਕ ਮਾਰੇ ਗਏ ਅਤੇ ਹੋਰ ਅਜੇ ਵੀ ਮਲਬੇ ਦੇ ਹੇਠਾਂ ਫਸੇ ਹੋਏ ਹਨ।
ਇਜ਼ਰਾਈਲ ਡਿਫੈਂਸ ਫੋਰਸ (ਆਈਡੀਐਫ) ਨੇ ਵੀਰਵਾਰ ਨੂੰ ਇਕ ਬਿਆਨ ਵਿਚ ਦਾਅਵਾ ਕੀਤਾ ਕਿ ਉਸ ਨੇ ਗਾਜ਼ਾ ਸ਼ਹਿਰ ਦੇ ਖੇਤਰ ਵਿਚ ਹਮਾਸ ਦੇ ਕਮਾਂਡ ਅਤੇ ਨਿਯੰਤਰਣ ਕੇਂਦਰ ‘ਤੇ ਮੁੱਖ ਅੱਤਵਾਦੀਆਂ ‘ਤੇ ਹਮਲਾ ਕੀਤਾ। ਬਿਆਨ ਅਨੁਸਾਰ, ਇਸ ਕੇਂਦਰ ਦਾ ਇਸਤੇਮਾਲ ਅੱਤਵਾਦੀਆਂ ਦੁਆਰਾ ਇਜ਼ਰਾਈਲੀ ਨਾਗਰਿਕਾਂ ਅਤੇ ਆਈਡੀਐਫ ਦੇ ਸੈਨਿਕਾਂ ਖ਼ਿਲਾਫ਼ ਹਮਲਿਆਂ ਦੀ ਯੋਜਨਾ ਬਣਾਉਣ ਅਤੇ ਉਨ੍ਹਾਂ ਨੂੰ ਅੰਜਾਮ ਦੇਣ ਲਈ ਕੀਤਾ ਗਿਆ ਸੀ। ਇਜ਼ਰਾਈਲ ਨੇ 18 ਮਾਰਚ ਨੂੰ 2 ਮਹੀਨੇ ਦਾ ਯੁੱਧਵਿਰਾਮ ਖ]ਤਮ ਕਰ ਦਿੱਤਾ ਅਤੇ ਫਿਲਿਸਤੀਨੀ ਇਨਕਲੇਵ ‘ਤੇ ਘਾਤਕ ਹਵਾਈ ਅਤੇ ਜ਼ਮੀਨੀ ਹਮਲੇ ਮੁੜ ਸ਼ੁਰੂ ਕਰ ਦਿੱਤੇ। ਗਾਜ਼ਾ ਦੇ ਸਿਹਤ ਅਧਿਕਾਰੀਆਂ ਨੇ ਵੀਰਵਾਰ ਨੂੰ ਕਿਹਾ ਕਿ ਨਵੇਂ ਇਜ਼ਰਾਈਲੀ ਹਮਲਿਆਂ ਵਿਚ ਹੁਣ ਤੱਕ 1,163 ਫਿਲਿਸਤੀਨੀ ਮਾਰੇ ਗਏ ਹਨ ਅਤੇ 2,735 ਹੋਰ ਜ਼ਖਮੀ ਹੋਏ ਹਨ।