Punjab News: ਇਥੇ ਪਿੰਡ ਅਰਮਾਨਪੁਰਾ ਵਿਚ ਸਥਿਤ ਗੁਰੂ ਰਾਮਦਾਸ ਪਬਲਿਕ ਸਕੂਲ ਦੀ ਇਕ ਬੱਸ ਅੱਜ ਬੱਚਿਆਂ ਨੂੰ ਸਕੂਲ ਛੱਡਣ ਜਾਣ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਈ। ਜਾਣਕਾਰੀ ਅਨੁਸਾਰ ਬੱਸ ਜਿਉਂ ਹੀ ਪਿੰਡ ਹਸਤੀ ਵਾਲਾ ਕੋਲ ਪਹੁੰਚੀ ਤਾਂ ਸੇਮ ਨਾਲੇ ਦੇ ਪੁਲ ’ਤੇ ਗਰਿੱਲ ਨਾਲ ਟਕਰਾਉਣ ਤੋਂ ਬਾਅਦ ਸੇਮ ਨਾਲੇ ਵਿਚ ਜਾ ਡਿੱਗੀ।
ਘਟਨਾ ਮੌਕੇ ਬੱਸ ਵਿਚ ਕਰੀਬ ਦੋ ਦਰਜਨ ਬੱਚੇ ਸਵਾਰ ਸਨ। ਹਾਲਾਂਕਿ ਇਸ ਦੌਰਾਨ ਡਰਾਇਵਰ ਅਤੇ ਬੱਚਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਅਤੇ ਜ਼ਿਆਦਤਰ ਬੱਚਿਆਂ ਦਾ ਬਚਾਅ ਰਿਹਾ।
ਮੌਕੇ ’ਤੇ ਮੌਜੂਦ ਚਸ਼ਮਦੀਦ ਕਿਰਪਾ ਸਿੰਘ ਨੇ ਦੱਸਿਆ ਕਿ ਹਾਦਸੇ ਮੌਕੇ ਉਹ ਕੁਝ ਦੁਰੀ ’ਤੇ ਹੀ ਖੜ੍ਹਾ ਸੀ ਕਿ ਇਸ ਦੌਰਾਨ ਸੜਕ ਤੋਂ ਲੰਘ ਰਹੇ ਰਾਹਗੀਰਾਂ ਅਤੇ ਪਿੰਡ ਵਾਸੀਆਂ ਨੇ ਤੁਰੰਤ ਬੱਸ ਦੇ ਸ਼ੀਸ਼ੇ ਤੋੜ ਕੇ ਬੱਚਿਆਂ ਨੂੰ ਬਾਹਰ ਕੱਢਿਆ ਪਿੰਡ ਦੇ ਲੋਕ ਵੀ ਬੱਚਿਆਂ ਦੀ ਚੀਕਾਂ ਸੁਣ ਕੇ ਮੌਕੇ ’ਤੇ ਪਹੁੰਚ ਗਏ ਤੇ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।
ਖਸਤਾ ਹਾਲਤ ਬੱਸ ਚਲਾਉਣ ਦਾ ਦੋਸ਼
ਉਥੇ ਮੌਜੂਦ ਜੱਗਾ ਸਿੰਘ ਨੇ ਦੱਸਿਆ ਕਿ ਇੰਝ ਜਾਪਦਾ ਹੈ ਜਿਵੇਂ ਇਸ ਬੱਸ ਦਾ ਪਹੀਆ ਅਚਾਨਕ ਖੁੱਲ੍ਹਣ ਕਾਰਣ ਇਹ ਹਾਦਸਾ ਵਾਪਰਿਆ ਹੈ। ਜਸਵਿੰਦਰ ਸਿੰਘ ਨੇ ਦੱਸਿਆ ਕਿ ਉਸਦੇ ਦੋ ਬੱਚੇ ਇਸ ਸਕੂਲ ਵਿਚ ਪੜ੍ਹਦੇ ਹਨ, ਇਹ ਬੱਸ ਅਕਸਰ ਹੀ ਖ਼ਰਾਬ ਰਹਿੰਦੀ ਹੈ ਜਿਸਦੀ ਸ਼ਿਕਾਇਤ ਉਹ ਸਕੂਲ ਦੇ ਮੈਨੇਜਰ ਨੂੰ ਕਈ ਵਾਰ ਕਰ ਚੁੱਕੇ ਹਨ ਪਰ ਅਜੇ ਤੱਕ ਇਹ ਬੱਸ ਬਦਲੀ ਨਹੀਂ ਗਈ। ਉਨ੍ਹਾਂ ਕਿਹਾ ਕਿ ਬੱਸ ਦੀ ਖਸਤਾ ਹਾਲਤ ਹੋਣ ਕਰਕੇ ਇਹ ਹਾਦਸਾ ਵਾਪਰਿਆ ਹੈ। ਉਧਰ ਦੂਜੇ ਪਾਸੇ ਸਕੂਲ ਪ੍ਰਬੰਧਕਾਂ ਵੱਲੋਂ ਅਜੇ ਤੱਕ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ॥
ਫ਼ੋਟੋ ਕੈਪਸ਼ਨ-ਫ਼ਿਰੋਜ਼ਪੁਰ ਦੇ ਪਿੰਡ ਹਸਤੀ ਵਾਲਾ ਵਿਚ ਹਾਦਸੇ ਦਾ ਸ਼ਿਕਾਰ ਹੋਈ ਸਕੂਲੀ ਬੱਸ।