ਬੈਂਗਲੁਰੂ : ਮੁਹੰਮਦ ਸਿਰਾਜ ਦੀ ਘਾਤਕ ਗੇਂਦਬਾਜ਼ੀ ਤੋਂ ਬਾਅਦ ਸਾਈ ਸੁਦਰਸ਼ਨ ਅਤੇ ਜੋਸ ਬਟਲਰ ਦੀ ਤੂਫਾਨੀ ਬੱਲੇਬਾਜ਼ੀ ਦੇ ਦਮ ‘ਤੇ ਗੁਜਰਾਤ ਟਾਈਟਨਜ਼ ਨੇ ਰਾਇਲ ਚੈਲੰਜਰਜ਼ ਬੈਂਗਲੁਰੂ (ਆਰਸੀਬੀ) ਨੂੰ ਅੱਠ ਵਿਕਟਾਂ ਨਾਲ ਹਰਾਇਆ। ਬੁੱਧਵਾਰ ਨੂੰ ਐਮ ਚਿੰਨਾਸਵਾਮੀ ਸਟੇਡੀਅਮ ਵਿੱਚ ਖੇਡੇ ਗਏ ਇਸ ਮੈਚ ਵਿੱਚ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਆਈ ਆਰਸੀਬੀ ਨੇ ਲਿਆਮ ਲਿਵਿੰਗਸਟੋਨ ਦੀ ਅਰਧ ਸੈਂਕੜੇ ਵਾਲੀ ਪਾਰੀ ਦੀ ਬਦੌਲਤ 20 ਓਵਰਾਂ ਵਿੱਚ ਅੱਠ ਵਿਕਟਾਂ ਗੁਆ ਕੇ 169 ਦੌੜਾਂ ਬਣਾਈਆਂ। ਜਵਾਬ ਵਿੱਚ ਗੁਜਰਾਤ ਨੇ 17.5 ਓਵਰਾਂ ਵਿੱਚ ਦੋ ਵਿਕਟਾਂ ਗੁਆ ਕੇ 170 ਦੌੜਾਂ ਬਣਾ ਕੇ ਮੈਚ ਜਿੱਤ ਲਿਆ।
ਮੌਜੂਦਾ ਸੈਸ਼ਨ ‘ਚ ਗੁਜਰਾਤ ਦੀ ਇਹ ਲਗਾਤਾਰ ਦੂਜੀ ਜਿੱਤ ਹੈ ਜਦਕਿ ਆਰਸੀਬੀ ਨੂੰ ਲਗਾਤਾਰ ਦੋ ਮੈਚ ਜਿੱਤਣ ਤੋਂ ਬਾਅਦ ਪਹਿਲੀ ਵਾਰ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਹਾਰ ਨਾਲ ਰਜਤ ਪਾਟੀਦਾਰ ਦੀ ਅਗਵਾਈ ਵਾਲੀ ਟੀਮ ਅੰਕ ਸੂਚੀ ਦੇ ਸਿਖਰਲੇ ਸਥਾਨ ਤੋਂ ਤੀਜੇ ਸਥਾਨ ‘ਤੇ ਖਿਸਕ ਗਈ ਹੈ। ਉਸ ਦੀ ਨੈੱਟ ਰਨ ਰੇਟ ਸਿਰਫ 1.149 ਰਹੀ। ਇਸ ਦੇ ਨਾਲ ਹੀ ਗੁਜਰਾਤ ਚਾਰ ਅੰਕਾਂ ਅਤੇ 0.807 ਦੀ ਨੈੱਟ ਰਨ ਰੇਟ ਨਾਲ ਚੌਥੇ ਸਥਾਨ ‘ਤੇ ਹੈ। ਪੰਜਾਬ ਕਿੰਗਜ਼ ਚਾਰ ਅੰਕਾਂ ਅਤੇ 1.485 ਦੀ ਨੈੱਟ ਰਨ ਰੇਟ ਨਾਲ ਪਹਿਲੇ ਸਥਾਨ ‘ਤੇ ਹੈ।