ਪੰਜਾਬ ‘ਉਡਤਾ ਪੰਜਾਬ’ ਨਹੀਂ ਬਲਕਿ ‘ਦੌੜਦਾ ਅਤੇ ਚੜ੍ਹਦੀ ਕਲਾ ਵਾਲਾ ਪੰਜਾਬ’ ਹੈ: ਜਥੇਦਾਰ ਗੜਗੱਜ

ਸ੍ਰੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੁੜਗੱਜ ਨੇ ਦੋਸ਼ ਲਾਇਆ ਕਿ ਪੰਜਾਬ ਖ਼ਿਲਾਫ਼ ‘ਉਡਤਾ ਪੰਜਾਬ’ ਦਾ ਗਲਤ ਬਿਰਤਾਂਤ ਸਿਰਜਿਆ ਗਿਆ ਹੈ, ਜਦੋਂ ਕਿ ਇਹ ਦੌੜਦਾ ਪੰਜਾਬ ਹੈ ਅਤੇ ਹਮੇਸ਼ਾ ਹੀ ਚੜ੍ਹਦੀ ਕਲਾ ਵਾਲਾ ਪੰਜਾਬ ਹੈ। ਉਨ੍ਹਾਂ ਦਾ ਇਹ ਬਿਆਨ ਸਾਬਤ ਸੂਰਤ ਸਿੱਖ ਨੌਜਵਾਨ ਗੁਰਿੰਦਰਵੀਰ ਸਿੰਘ ਵੱਲੋਂ ਭਾਰਤ ਦੇ ਤੇਜ ਦੌੜਾਕ ਵਜੋਂ ਸਥਾਪਿਤ ਕੀਤੇ ਰਿਕਾਰਡ ਦੇ ਸੰਬੰਧ ਵਿੱਚ ਕੀਤਾ ਹੈ। ਉਨ੍ਹਾਂ ਅੱਜ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਜੋਤੀ ਜੋਤ ਸਮਾਉਣ ਦਿਵਸ ਤੇ ਸਿੱਖ ਕੌਮ ਦੇ ਨਾਂ ਸੰਦੇਸ਼ ਵਿਚ ਗੁਰੂ ਵੱਲੋਂ ਦਿੱਤੇ ਸਿਧਾਂਤ ਤੇ ਚਲਦਿਆਂ ਗੁਰੂ ਆਸ਼ੇ ਮੁਤਾਬਕ ਜੀਵਨ ਬਤੀਤ ਕਰਨ ਅਤੇ ਹਮੇਸ਼ਾ ਹੀ ਅਕਾਲ ਤਖ਼ਤ ਨੂੰ ਸਮਰਪਿਤ ਰਹਿਣ ਦਾ ਸੰਦੇਸ਼ ਦਿੱਤਾ ਹੈ।

ਸਾਬਤ ਸੂਰਤ ਸਿੱਖ ਨੌਜਵਾਨ ਗੁਰਿੰਦਰਵੀਰ ਸਿੰਘ ਵੱਲੋਂ ਭਾਰਤ ਦੇ ਤੇਜ਼ ਦੌੜਾਕ ਵਜੋਂ 100 ਮੀਟਰ ਦੀ ਦੌੜ ਵਿੱਚ ਸਥਾਪਿਤ ਕੀਤੇ ਰਿਕਾਰਡ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਪੰਜਾਬੀਆਂ ਤੇ ਖਾਸ ਕਰਕੇ ਸਿੱਖ ਕੌਮ ਲਈ ਇਕ ਚੰਗੀ ਖ਼ਬਰ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਵੇਂ ਹੋਰ ਖੇਡਾਂ ਵਿੱਚ ਪ੍ਰਾਪਤੀਆਂ ਕਰਨ ਵਾਲੇ ਸਾਬਤ ਸੂਰਤ ਸਿੱਖਾਂ ਦਾ ਸਨਮਾਨ ਕਰਦੀ ਹੈ, ਉਸੇ ਤਰ੍ਹਾਂ ਇਸ ਸਿੱਖ ਨੌਜਵਾਨ ਦਾ ਵੀ ਸਨਮਾਨ ਕਰੇ।

ਜਥੇਦਾਰ ਗੜਗੱਜ ਨੇ ਦੋਸ਼ ਲਾਇਆ ਕਿ ਪਿਛਲੇ ਸਮੇਂ ਦੌਰਾਨ ਪੰਜਾਬ ਦੇ ਖ਼ਿਲਾਫ਼ ਗਲਤ ਬਿਰਤਾਂਤ ਸਿਰਜਿਆ ਗਿਆ ਹੈ ਅਤੇ ਇਸ ਨੂੰ ਉਡਤਾ ਪੰਜਾਬ ਦਾ ਨਾਂ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਉਹ ਪੰਜਾਬ ਦੇ ਪਿੰਡਾਂ ਦਾ ਦੌਰਾ ਕਰ ਰਹੇ ਹਨ, ਜਿਸ ਦੌਰਾਨ ਉਨ੍ਹਾਂ ਦੇਖਿਆ ਕਿ ਕੁਝ ਸਮੱਸਿਆਵਾਂ ਤਾਂ ਹਨ ਪਰ ਪੰਜਾਬ ਚੜ੍ਹਦੀ ਕਲਾ ਵਿੱਚ ਹੈ।

Leave a Reply

Your email address will not be published. Required fields are marked *