ਚੰਡੀਗੜ੍ਹ : ਪੰਜਾਬ ‘ਚ ਪਿਛਲੇ ਕੁੱਝ ਸਮੇਂ ਦੌਰਾਨ ਲਗਾਤਾਰ ਐਨਕਾਊਂਟਰ ਦੀਆਂ ਖ਼ਬਰਾਂ ਦੇਖਣ ਅਤੇ ਸੁਣਨ ਨੂੰ ਮਿਲ ਰਹੀਆਂ ਹਨ। ਪੁਲਸ ਅਤੇ ਗੈਂਗਸਟਰਾਂ ਵਿਚਾਲੇ ਗੋਲੀਆਂ ਚੱਲਣ ਦੀਆਂ ਖ਼ਬਰਾਂ ਆਮ ਹੋ ਗਈਆਂ ਹਨ। ਇਕ ਪੰਜਾਬੀ ਅਖ਼ਬਾਰ ਦੀ ਖ਼ਬਰ ਦੇ ਮੁਤਾਬਕ ਮੌਜੂਦਾ ਸਾਲ ਦੌਰਾਨ ਜਨਵਰੀ ਤੋਂ ਲੈ ਕੇ 31 ਮਾਰਚ ਤੱਕ 41 ਐਨਕਾਊਂਟਰ ਹੋ ਚੁੱਕੇ ਹਨ, ਜੋ ਕਿ ਪਿਛਲੇ ਸਾਲ ਹੋਏ ਕੁੱਲ 64 ਮੁਕਾਬਲਿਆਂ ਨਾਲੋਂ ਕਿਤੇ ਜ਼ਿਆਦਾ ਹੈ। ਇਸ ਤੋਂ ਇਹ ਸਾਬਿਤ ਹੁੰਦਾ ਹੈ ਕਿ ਸੂਬੇ ਦੀ ਮਾਨ ਸਰਕਾਰ ਨਸ਼ਿਆਂ ਖ਼ਿਲਾਫ਼ ਸਖ਼ਤ ਰੁਖ ਅਪਣਾ ਰਹੀ ਹੈ ਅਤੇ ਅਪਰਾਧੀਆਂ ਨੂੰ ਸਬਕ ਸਿਖਾਇਆ ਜਾ ਰਿਹਾ ਹੈ।
ਇਸ ਦੌਰਾਨ ਇਕ ਹੈਰਾਨੀ ਵਾਲੀ ਗੱਲ ਵੀ ਸਾਹਮਣੇ ਆਈ ਹੈ ਕਿ ਅਜੇ ਤੱਕ ਨਾ ਤਾਂ ਕਿਸੇ ਪੀੜਤ ਦੇ ਪਰਿਵਾਰ ਨੇ ਖੁੱਲ੍ਹੇ ‘ਚ ਇਨ੍ਹਾਂ ਮੁਕਾਬਲਿਆਂ ਬਾਰੇ ਕਿਸੇ ਤਰ੍ਹਾਂ ਦੇ ਸਵਾਲ ਖੜ੍ਹੇ ਕੀਤੇ ਹਨ ਅਤੇ ਨਾ ਹੀ ਇਨ੍ਹਾਂ ਪੁਲਸ ਮੁਕਾਬਲਿਆਂ ਨੂੰ ਫਰਜ਼ੀ ਦੱਸਿਆ ਹੈ। ਖ਼ਬਰ ਦੇ ਮੁਤਾਬਕ ਹਰ 2 ਦਿਨਾਂ ‘ਚ ਪੰਜਾਬ ਅੰਦਰ ਇਕ ਐਨਕਾਊਂਟਰ ਹੋ ਰਿਹਾ ਹੈ। ਇਨ੍ਹਾਂ ਐਨਕਾਊਂਟਰਾਂ ਦੌਰਾਨ ਅੰਮ੍ਰਿਤਸਰ ‘ਚ ਕਤਲ ਦਾ ਇਕ ਮੁਲਜ਼ਮ ਅਤੇ ਪਟਿਆਲਾ ‘ਚ ਅਗਵਾਕਾਰ ਪੁਲਸ ਦੀ ਗੋਲੀਬਾਰੀ ਦੌਰਾਨ ਮਾਰੇ ਗਏ ਸਨ। ਹਾਲਾਂਕਿ ਮੁਕਾਬਲਿਆਂ ‘ਚ ਗੈਂਗਸਟਰਾਂ ਸਣੇ ਹੋਰ ਅਪਰਾਧੀਆਂ ਦੀਆਂ ਲੱਤਾਂ ‘ਤੇ ਗੋਲੀਆਂ ਲੱਗੀਆਂ ਹਨ।
ਇਸ ਤੋਂ ਇਹ ਗੱਲ ਸਾਬਿਤ ਹੋ ਰਹੀ ਹੈ ਕਿ ਪੰਜਾਬ ਪੁਲਸ ਗੈਂਗਸਟਰਾਂ ਅਤੇ ਨਸ਼ਿਆਂ ਖ਼ਿਲਾਫ਼ ਪੱਬਾਂ ਭਾਰ ਹੈ ਪਰ ਇਸ ਨਾਲ ਕਿਤੇ ਨਾ ਕਿਤੇ ਸੱਤਾਂ ਦੀ ਸੰਭਾਵੀ ਦੁਰਵਰਤੋਂ ਦਾ ਖ਼ਤਰਾ ਵੀ ਵੱਧ ਗਿਆ ਹੈ। ਇਸ ਬਾਰੇ ਡੀ. ਜੀ. ਪੀ. ਗੌਰਵ ਯਾਦਵ ਦਾ ਕਹਿਣਾ ਹੈ ਕਿ ਪੁਲਸ ਮੁਕਾਬਲਿਆਂ ਦੌਰਾਨ ਅਪਰਾਧੀਆਂ ਨੂੰ ਸਰੀਰਕ ਤੌਰ ‘ਤੇ ਨੁਕਸਾਨ ਪਹੁੰਚਾਉਣ ਦੀ ਕੋਈ ਨੀਤੀ ਨਹੀਂ ਹੈ ਪਰ ਜਦੋਂ ਅਪਰਧੀਆਂ ਵਲੋਂ ਪੁਲਸ ‘ਤੇ ਗੋਲੀਆਂ ਚਲਾਈਆਂ ਜਾਂਦੀਆਂ ਹਨ ਤਾਂ ਫਿਰ ਪੁਲਸ ਨੂੰ ਉਨ੍ਹਾਂ ਦਾ ਜਵਾਬ ਦੇਣਾ ਹੀ ਪੈਂਦਾ ਹੈ, ਜਿਸ ਦੌਰਾਨ ਜਵਾਬੀ ਕਾਰਵਾਈ ਦੌਰਾਨ ਗੈਂਗਸਟਰ ਅਤੇ ਹੋਰ ਅਪਰਾਧੀ ਜ਼ਖਮੀ ਹੋ ਜਾਂਦੇ ਹਨ।