ਪੰਜਾਬ ‘ਚ ਅਫ਼ਸਰਾਂ ਨੂੰ ਜਾਰੀ ਹੋਏ ਨਵੇਂ ਹੁਕਮ, ਹੁਣ ਰੋਜ਼ਾਨਾ ਸਵੇਰੇ 10 ਵਜੇ ਤੋਂ…

ਸ੍ਰੀ ਮੁਕਤਸਰ ਸਾਹਿਬ: ਐੱਸ. ਐੱਸ. ਪੀ. ਅਖਿਲ ਚੌਧਰੀ ਵੱਲੋਂ ਨਸ਼ਿਆਂ ਦੇ ਖਾਤਮੇ, ਮਾੜੇ ਅਨਸਰਾਂ ਨੂੰ ਕਾਬੂ ਕਰਨ ਅਤੇ ਪੁਲਸ ਵਿਭਾਗ ਦੀ ਕਾਰਗੁਜ਼ਾਰੀ ਨੂੰ ਹੋਰ ਬਿਹਤਰ ਬਣਾਉਣ ਲਈ ਨਿਰੰਤਰ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ, ਆਮ ਪਬਲਿਕ ਦੀਆਂ ਸ਼ਿਕਾਇਤਾਂ ਤੇ ਸਮੱਸਿਆਵਾਂ ਦਾ ਤੁਰੰਤ ਹੱਲ ਕਰਨ ਲਈ, ਜ਼ਿਲ੍ਹਾ ਪੁਲਸ ਮੁਖੀ ਵੱਲੋਂ ਜ਼ਿਲ੍ਹੇ ’ਚ ਤਾਇਨਾਤ ਸਾਰੇ ਗਜਟਿਡ ਅਫਸਰਾਂ ਅਤੇ ਮੁੱਖ ਅਫਸਰਾਂ ਥਾਣਾ ਨੂੰ ਸਵੇਰੇ 10:00 ਵਜੇ ਤੋਂ ਦੁਪਹਿਰ 02:00 ਵਜੇ ਤੱਕ ਆਪਣੇ ਦਫ਼ਤਰ ’ਚ ਹਾਜ਼ਰ ਰਹਿਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ।

ਇਹ ਉਪਰਾਲਾ ਪੁਲਸ ਅਤੇ ਪਬਲਿਕ ਵਿਚਕਾਰ ਭਰੋਸੇ ਤੇ ਪਾਰਦਰਸ਼ਤਾ ਨੂੰ ਹੋਰ ਮਜ਼ਬੂਤ ਕਰੇਗਾ। ਅਖਿਲ ਚੌਧਰੀ ਐੱਸ. ਐੱਸ. ਪੀ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਪਬਲਿਕ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ, ਉਨ੍ਹਾਂ ਵੱਲੋਂ ਜ਼ਿਲ੍ਹੇ ’ਚ ਤਾਇਨਾਤ ਸਾਰੇ ਗਜਟਿਡ ਅਫਸਰਾਂ ਤੇ ਮੁੱਖ ਥਾਣਾ ਅਫਸਰਾਂ ਨੂੰ ਹਦਾਇਤ ਕੀਤੀ ਗਈ ਕਿ ਉਹ ਸਵੇਰੇ 10:00 ਵਜੇ ਤੋਂ ਦੁਪਿਹਰ 02:00 ਵਜੇ ਤੱਕ ਆਪਣੇ ਦਫਤਰਾਂ ’ਚ ਹਾਜ਼ਰ ਰਹਿਣ ਅਤੇ ਲੋਕਾਂ ਦੀਆਂ ਸਮੱਸਿਆਂ ਸੁਣ ਕੇ ਹੱਲ ਕਰਨ।

ਉਨ੍ਹਾਂ ਕਿਹਾ ਕਿ ਉਹ ਖੁਦ ਵੀ ਇਸ ਸਮੇਂ ਦੌਰਾਨ ਜ਼ਿਲ੍ਹਾ ਹੈਡਕੁਆਰਟਰ ਵਿਖੇ ਆਪਣੇ ਦਫ਼ਤਰ ’ਚ ਉਪਲੱਬਧ ਰਹਿਣਗੇ। ਆਮ ਲੋਕ ਆਪਣੀਆਂ ਸ਼ਿਕਾਇਤਾਂ, ਸੁਝਾਅ ਜਾਂ ਹੋਰ ਜ਼ਰੂਰੀ ਮੁੱਦੇ ਲੈ ਕੇ ਉਨ੍ਹਾਂ ਦੇ ਦਫ਼ਤਰ ਬੇਝਿੱਜਕ ਮਿਲ ਸਕਦੇ ਹਨ। ਜ਼ਿਲ੍ਹਾ ਪੁਲਸ ਮੁਖੀ ਵੱਲੋਂ ਦੱਸਿਆ ਗਿਆ ਕਿ ਆਉਣ ਵਾਲੇ ਦਿਨਾਂ ’ਚ ਕਣਕ ਦੀ ਕਟਾਈ ਅਤੇ ਵਿੱਕਰੀ ਸ਼ੁਰੂ ਹੋਣ ਜਾ ਰਹੀ ਹੈ, ਜਿਸ ਨੂੰ ਧਿਆਨ ’ਚ ਰੱਖਦਿਆਂ ਕਿਸਾਨਾਂ ਅਤੇ ਆਮ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਹਨ। ਇਸ ਦੌਰਾਨ ਨਕਦੀ ਦਾ ਲੈਣ ਦੇਣ ਹੋਵੇਗਾ ਤੇ ਵਹੀਕਲਾਂ ਦੀ ਵੀ ਆਵਾਜਾਈ ਵਧੇਗੀ ਜਿਸ ਕਰਕੇ ਪੁਲਸ ਵੱਲੋਂ ਪੈਟਰੋਲਿੰਗ ਵਧਾਈ ਗਈ ਹੈ ਅਤੇ ਟਰੈਫਿਕ ਦੇ ਵੀ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ।

Leave a Reply

Your email address will not be published. Required fields are marked *