ਸੰਗਰੂਰ, ਦੋਵੇਂ ਫੋਰਮਾਂ ਵੱਲੋਂ ਦਿੱਤੇ ਪੰਜਾਬ ਪੱਧਰੇ ਸੱਦੇ ਤਹਿਤ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕੋਠੀ ਅੱਗੇ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਵੱਲੋਂ ਜ਼ਿਲ੍ਹਾ ਆਗੂ ਸੋਨੀ ਸਿੰਘ ਲੌਂਗੋਵਾਲ ਦੀ ਅਗਵਾਈ ਹੇਠ ਹਜ਼ਾਰਾਂ ਕਿਸਾਨਾਂ-ਮਜ਼ਦੂਰਾਂ ਅਤੇ ਕਿਸਾਨ ਬੀਬੀਆਂ ਨੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਧਰਨਾ ਦਿੱਤਾ। ਕਿਸਾਨਾਂ ਮਜ਼ਦੂਰਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾਈ ਆਗੂ ਦਿਲਬਾਗ ਸਿੰਘ ਹਰੀਗੜ੍ਹ ਤੇ ਜਸਵਿੰਦਰ ਸਿੰਘ ਲੌਂਗੋਵਾਲ ਨੇ ਕਿਹਾ ਕਿ 19 ਮਾਰਚ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੇਂਦਰ ਦੀ ਬੀਜੇਪੀ ਸਰਕਾਰ ਦੇ ਇਸ਼ਾਰੇ ’ਤੇ ਆਮ ਕਿਸਾਨਾਂ ਮਜ਼ਦੂਰਾਂ ਨਾਲ ਗ਼ਦਾਰੀ ਕਰਦਿਆਂ ਧੋਖੇ ਨਾਲ ਕਿਸਾਨ ਆਗੂਆਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ’ਤੇ ਮੋਰਚਿਆਂ ਨੂੰ ਸਾਜ਼ਿਸ਼ ਤਹਿਤ ਉਖਾੜਿਆ ਗਿਆ ਤੇ ਲੁੱਟਿਆ ਗਿਆ। ਹਜ਼ਾਰਾਂ ਕਿਸਾਨਾਂ ਨੂੰ ਲਾਠੀਚਾਰਜ ਕਰਨ ਉਪਰੰਤ ਗ੍ਰਿਫ਼ਤਾਰ ਕਰਕੇ ਵੱਖ ਵੱਖ ਜੇਲ੍ਹਾਂ ਵਿੱਚ ਬੰਦ ਕੀਤਾ ਗਿਆ। ਆਗੂਆਂ ਨੇ ਕਿਹਾ ਕਿ ਦੋਵੇਂ ਮੋਰਚਿਆਂ ਵਿੱਚੋਂ ਟਰੈਕਟਰ ਟਰਾਲੀਆਂ, ਏ ਸੀ, ਫਰਿੱਜ, ਪੱਖੇ, ਕੂਲਰ, ਮੋਟਰਸਾਈਕਲ, ਸਾਈਕਲ, ਪਾਣੀ ਵਾਲੀਆਂ ਟੈਂਕੀਆਂ, ਕੰਪਿਊਟਰ, ਅਲਮਾਰੀਆਂ, ਪੇਟੀਆਂ, ਮੰਜੇ, ਮੇਜ, ਕੁਰਸੀਆਂ, ਨਗਦੀ, ਗੱਦੇ, ਦਰੀਆਂ, ਮੈਟ, ਲੰਗਰਾਂ ਦੇ ਬਰਤਨ, ਮੋਬਾਈਲ ਫੋਨ, ਕੱਪੜੇ, ਕੰਬਲ, ਗੈਸ ਸਿਲੰਡਰ, ਚੁੱਲ੍ਹੇ ਭੱਠੀਆਂ, ਸਟੇਜ, ਸਪੀਕਰ ਤੇ ਲੱਖਾਂ ਰੁਪਏ ਖਰਚ ਕੇ ਬਣਾਏ ਆਰਜ਼ੀ ਘਰਾਂ ਤੋਂ ਇਲਾਵਾ ਪਾਣੀ ਵਾਲੀਆਂ ਮੋਟਰਾਂ ਨੂੰ ਸਰਕਾਰੀ ਤੰਤਰ ਵੱਲੋਂ ਲੁੱਟਿਆ ਗਿਆ ਹੈ। ਆਗੂਆਂ ਨੇ ਕਿਹਾ ਕਿ ਕਰੋੜਾਂ ਰੁਪਏ ਦੀ ਹੋਈ ਲੁੱਟ ਦੀ ਸਰਕਾਰ ਪੂਰਤੀ ਕਰੇ, ਪੁਲੀਸ ਵੱਲੋਂ ਮੋਰਚਿਆਂ ’ਤੇ ਕੀਤੇ ਤਸ਼ੱਦਦ ਵਿੱਚ ਆਮ ਕਿਸਾਨਾਂ ਦੀ ਕੁੱਟਮਾਰ ਕਰਨ ਤੇ 20 ਮਾਰਚ ਨੂੰ ਮੋਰਚੇ ਦੇ ਆਗੂ ਬਲਵੰਤ ਸਿੰਘ ਬਹਿਰਾਮ ਕੇ ਤੇ ਲਾਠੀਆਂ ਨਾਲ ਹਮਲਾ ਕਰ ਕੇ ਕੁੱਟਮਾਰ ਕਰਨ ਵਾਲੇ ਥਾਣਾ ਸ਼ੰਭੂ ਦੇ ਐਸ ਐਚ ਓ ਹਰਪ੍ਰੀਤ ਸਿੰਘ ਨੂੰ ਬਰਖਾਸਤ ਕੀਤਾ ਜਾਵੇ।
Farmers Protest: ਕਿਸਾਨਾਂ ਵੱਲੋਂ ਮੁੱਖ ਮੰਤਰੀ ਦੀ ਕੋਠੀ ਅੱਗੇ ਧਰਨਾ
