ਚੰਡੀਗੜ੍ਹ : ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵੱਲੋਂ ਸੰਤ ਬਲਬੀਰ ਸਿੰਘ ਸੀਚੇਵਾਲ ‘ਤੇ ਦਿੱਤੇ ਬਿਆਨ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਬਾਜਵਾ ਦੱਸਣ ਕਿ ਜੇ ਕੋਈ ਚੰਗਾ ਕੰਮ ਕਰਦਾ ਹੈ ਤਾਂ ਕੀ ਤੁਸੀਂ ਉਸ ਦੀ ਡਿਗਰੀ ਦੇਖੋਗੇ। ਵਿਧਾਨ ਸਭਾ ਵਿਚ ਬੋਲਦਿਆਂ ਮੁੱਖ ਮੰਤਰੀ ਨੇ ਕਿ ਬਾਜਵਾ ਆਖ ਰਹੇ ਹਨ ਕਿ ਸੀਚੇਵਾਲ ਕੌਣ ਹੈ, ਇਸ ਦੀ ਕੀ ਡਿਗਰੀ ਹੈ, ਕਿਉਂ ਉਸ ਦੇ ਨਾਮ ‘ਤੇ ਛੱਪੜ ਟੋਬੇ ਬਣਾ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਉਨ੍ਹਾਂ ਨੂੰ ਰਾਜ ਸਭਾ ਮੈਂਬਰ ਕੋਈ ਸਿਆਸੀ ਐਂਗਲ ਤੋਂ ਨਹੀਂ ਸਗੋਂ ਵਾਤਾਵਰਣ ਪ੍ਰੇਮੀ ਹੋਣ ਕਰਕੇ ਬਣਾਇਆ ਹੈ। ਸਮਝ ਨਹੀਂ ਆਉਂਦੀ ਕਿ ਬਾਜਵਾ ਮਾਨਸਿਕ ਤੌਰ ‘ਤੇ ਠੀਕ ਹਨ ਜਾਂ ਨਹੀਂ। ਬਾਜਵਾ ਰੋਜ਼ ਸ਼ੀਸ਼ੇ ਸਾਹਮਣੇ ਪੱਗ ਬੰਨ੍ਹਦਿਆਂ ਮੁੱਖ ਮੰਤਰੀ ਬਣਨ ਦੇ ਸੁਫਨੇ ਦੇਖਦੇ ਹਨ, ਇਸੇ ਲਈ ਉਹ ਅਜਿਹੇ ਬਿਆਨ ਦੇ ਰਹੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਸੀਚੇਵਾਲ ਮਾਡਲ ਉਹ ਮਾਡਲ ਹੈ ਜੋ ਟੋਬਿਆਂ ਦਾ ਪਾਣੀ ਤਾਂ ਸਾਫ ਕਰ ਸਕਦਾ ਪਰ ਸਿਆਸਤਦਾਨਾਂ ਦੇ ਦਿਮਾਗ ਦੀ ਗੰਦਗੀ ਨਹੀਂ ਸਾਫ ਕਰ ਸਕਦਾ। ਬਾਜਵਾ ਦੱਸਣ ਕਿ ਜੇ ਕੋਈ ਚੰਗਾ ਕੰਮ ਕਰਦਾ ਹੈ ਤਾਂ ਕੀ ਤੁਸੀਂ ਉਸ ਦੀ ਡਿਗਰੀ ਦੇਖੋਗੇ। ਬਿਲਗੇਟਸ ਨੇ ਕਿਹਾ ਸੀ ਕਿ ਮੈਂ ਯੂਨੀਵਰਸਿਟੀ ਤੋਂ ਟਾਪ ਨਹੀਂ ਕੀਤਾ ਪਰ ਦੁਨੀਆਭਰ ਦੀਆਂ ਯੂਨੀਵਰਸਿਟੀਆਂ ਦੇ ਟੌਪਰ ਮੇਰੇ ਕੋਲ ਕੰਮ ਕਰਦੇ ਹਨ। ਇਸ ਦਾ ਮਤਲਬ ਬਿਲ ਗੇਟਸ ਫੇਲ੍ਹ ਹੈ। ਰਾਹੁਲ ਗਾਂਧੀ ਨੇ ਕੈਂਬਰਿਜ ਯੂਨੀਵਰਸਿਟੀ ਤੋਂ ਡਿਗਰੀ ਕੀਤੀ ਹੈ, ਦੱਸੋ ਉਸ ਦੀ ਦੇਸ਼ ਨੂੰ ਕੀ ਦੇਣ ਹੈ।
ਮੁੱਖ ਮੰਤਰੀ ਨੇ ਚੁਟਕੀ ਲੈਂਦਿਆਂ ਆਖਿਆ ਕਿ ਜੇਕਰ ਸਾਡੇ ਕੋਲ ਤੁਹਾਡੇ ਵਰਗੀਆਂ ਪਜਾਮੀਆਂ ਜਾਂ ਗੱਡੀਆਂ ਨਹੀਂ ਹਨ ਤਾਂ ਕੀ ਅਸੀਂ ਕੁਝ ਨਹੀਂ ਕਰ ਸਕਦੇ। ਫੇਸਬੁੱਕ ਦਾ ਮਾਲਕ ਕਾਲਜ ਤੋਂ ਕੱਢਿਆ ਹੋਇਆ, ਹੁਣ ਦੱਸੋ ਬਾਜਵਾ ਜੀ ਫੇਸਬੁੱਕ ਚਲਾਉਂਦੇ ਹੋ ਜਾਂ ਨਹੀਂ।