ਜਲੰਧਰ, Punjab news ਇਥੇ ਯੂਟਿਊਬਰ ਦੇ ਘਰ ’ਤੇ ਗ੍ਰਨੇਡ ਹਮਲਾ ਕਰਨ ਵਾਲਾ ਮੁਲਜ਼ਮ ਪੁਲੀਸ ਮੁਕਾਬਲੇ ਦੌਰਾਨ ਜ਼ਖ਼ਮੀ ਹੋ ਗਿਆ। ਪੁਲੀਸ ਨੇ ਮੁਲਜ਼ਮ ਹਾਰਦਿਕ ਕੰਬੋਜ (21) ਨੂੰ ਸੋਮਵਾਰ ਦੇਰ ਸ਼ਾਮ ਯਮੁਨਾਨਗਰ ਦੇ ਇੱਕ ਪਿੰਡ ਤੋਂ ਗ੍ਰਿਫਤਾਰ ਕੀਤਾ ਸੀ। ਪੁਲੀਸ ਉਸ ਨੂੰ ਹਥਿਆਰ ਬਰਾਮਦਗੀ ਲਈ ਜਲੰਧਰ ਦੇ ਪਿੰਡ ਰਾਏਪੁਰ ਬੱਲਾਂ ਲੈ ਕੇ ਗਈ। ਇਸ ਦੌਰਾਨ ਨੇ ਮੁਲਜ਼ਮ ਨੇ ਹਥਿਆਰ ਆਪਣੇ ਹੱਥ ਵਿਚ ਲੈਂਦਿਆਂ ਪੁਲੀਸ ’ਤੇ ਗੋਲੀ ਚਲਾ ਦਿੱਤੀ। ਪੁਲੀਸ ਦੀ ਜਵਾਬੀ ਕਾਰਵਾਈ ਵਿਚ ਮੁਲਜ਼ਮ ਦੇ ਲੱਤ ਵਿਚ ਗੋਲੀ ਲੱਗੀ। ਮੁਲਜ਼ਮ ਹਾਰਦਿਕ ਕੰਬੋਜ (21) ਯਮੁਨਾਨਗਰ ਦੇ ਸ਼ਾਦੀਪੁਰ ਪਿੰਡ ਦਾ ਰਹਿਣ ਵਾਲਾ ਹੈ। ਪੁਲੀਸ ਨੂੰ ਉਸ ਕੋਲੋਂ ਹਥਿਆਰ ਅਤੇ ਗੋਲੀਆਂ ਬਰਾਮਦ ਹੋਈਆਂ ਹਨ।
ਜਾਣਕਾਰੀ ਜਲੰਧਰ ਦਿਹਾਤੀ ਪੁਲੀਸ ਅੱਜ ਸਵੇਰੇ ਜਲੰਧਰ ਦੇ ਰਾਏਪੁਰ ਰਸੂਲਪੁਰ ’ਚ ਯੂਟਿਊਬਰ ਰੋਜਰ ਸੰਧੂ ਦੇ ਘਰ ’ਤੇ ਗ੍ਰਨੇਡ ਹਮਲਾ ਕਰਨ ਵਾਲੇ ਮੁਲਜ਼ਮ ਨੂੰ ਹਥਿਆਰ ਅਤੇ ਗ੍ਰਨੇਡ ਬਰਾਮਦ ਕਰਨ ਲਈ ਲੈ ਕੇ ਗਈ ਸੀ। ਐੱਸਐੱਸਪੀ ਗੁਰਮੀਤ ਸਿੰਘ ਅਤੇ ਹੋਰ ਅਧਿਕਾਰੀ ਘਟਨਾ ਵਾਲੀ ਥਾਂ ’ਤੇ ਪਹੁੰਚੇ। ਪੁਲੀਸ ਮੁਲਜ਼ਮ ਕੋਲੋਂ ਹਥਿਆਰ ਅਤੇ ਗ੍ਰਨੇਡ ਬਰਾਮਦ ਕਰਨ ’ਚ ਲੱਗੀ ਹੋਈ ਹੈ। ਐਸਐਸਪੀ ਗੁਰਮੀਤ ਸਿੰਘ ਨੇ ਦੱਸਿਆ ਕਿ ਸੋਮਵਾਰ ਦੇਰ ਸ਼ਾਮ ਪੁਲੀਸ ਦੀਆਂ ਟੀਮਾਂ ਨੇ ਹਾਰਦਿਕ ਨੂੰ ਯਮੁਨਾਨਗਰ ਨੇੜਿਓਂ ਗ੍ਰਿਫ਼ਤਾਰ ਕੀਤਾ ਸੀ। ਯਮੁਨਾਨਗਰ ’ਚ ਪੁੱਛਗਿੱਛ ਦੌਰਾਨ ਉਸ ਨੇ ਮੰਨਿਆ ਕਿ ਉਸ ਨੇ ਹੀ ਗ੍ਰਨੇਡ ਸੁੱਟਿਆ ਸੀ। ਅੱਜ ਸਵੇਰੇ ਜਦੋਂ ਉਸ ਨੂੰ ਹਥਿਆਰਾਂ ਦੀ ਬਰਾਮਦਗੀ ਲਈ ਲਿਆਂਦਾ ਗਿਆ ਤਾਂ ਉਸ ਨੇ ਹਥਿਆਰ ਆਪਣੇ ਹੱਥ ਵਿਚ ਲੈਂਦੇ ਹੀ ਪੁਲੀਸ ’ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜਦੋਂ ਪੁਲੀਸ ਨੇ ਜਵਾਬੀ ਕਾਰਵਾਈ ਕੀਤੀ ਤਾਂ ਉਹ ਜ਼ਖਮੀ ਹੋ ਗਿਆ। ਉਸ ਦੀ ਸੱਜੀ ਲੱਤ ’ਤੇ ਗੋਲੀ ਲੱਗੀ ਹੈ।