ਮੁਕੇਰੀਆਂ, ਬੀਤੀ ਰਾਤ ਜੰਗਲਾਤ ਵਿਭਾਗ ਨੇ ਖੈਰ ਦੇ ਦਰੱਖਤਾਂ ਨੂੰ ਚੋਰੀਓਂ ਵੱਡਣ ਵਾਲੇ ਗ੍ਰਿਰੋਹ ਦੇ ਕਰੀਬ 4 ਮੈਂਬਰਾਂ ਨੂੰ ਵੱਡੀ ਲੱਕੜ ਸਮੇਤ ਕਾਬੂ ਕਰਕੇ ਪੁਲੀਸ ਹਵਾਲੇ ਕਰ ਦਿੱਤਾ ਹੈ। ਮੁਢਲੀ ਜਾਣਕਾਰੀ ਅਨੁਸਾਰ ਗਿਰੋਹ ਨੇ ਇਲਾਕੇ ਦੇ ਵੱਖ ਵੱਖ ਪਿੰਡਾਂ ਵਿੱਚੋਂ ਕਰੀਬ 7 ਦਰਜ਼ਨ ਤੋਂ ਵੱਧ ਦਰੱਖਤਾਂ ਦੀ ਕਟਾਈ ਕੀਤੀ ਹੈ। ਇਸ ਗਿਰੋਹ ਵਿੱਚ ਕੁਝ ਗੁੱਜਰਾਂ ਸਮੇਤ ਸਬੰਧਿਤ ਪਿੰਡਾਂ ਦੇ ਲੋਕ ਵੀ ਸ਼ਾਮਲ ਦੱਸੇ ਜਾ ਰਹੇ ਹਨ।
ਜੰਗਲਾਤ ਅਧਿਕਾਰੀਆਂ ਅਨੁਸਾਰ ਇਹ ਇੱਕ ਵੱਡਾ ਗਿਰੋਹ ਹੈ, ਜਿਸ ਵਿੱਚ ਕੁਝ ਲੱਕੜ ਦੇ ਠੇਕੇਦਾਰ ਵੀ ਮਿਲੇ ਹੋਏ ਹਨ। ਉਨ੍ਹਾਂ ਦੱਸਿਆ ਕਿ ਕਟਾਈ ਕੀਤੇ ਦਰੱਖਤਾਂ ਦੀ ਕੀਮਤ ਲੱਖਾਂ ਵਿੱਚ ਹੈ।
ਡੀਐੱਫਓ ਅੰਜਨ ਸਿੰਘ ਨੇ ਦੱਸਿਆ ਕਿ ਵਿਭਾਗ ਨੂੰ ਪਿਛਲੇ ਦਿਨੀ ਸ਼ਿਕਾਇਤਾਂ ਮਿਲੀਆਂ ਸਨ ਕਿ ਬਹਿਮਾਵਾ, ਭਡਿਆਰਾਂ ਤੇ ਕੁਝ ਹੋਰ ਪਿੰਡਾਂ ਖੈਰ ਦੇ ਦਰੱਖਤਾਂ ਨੂੰ ਵੱਡਿਆ ਜਾ ਰਿਹਾ ਹੈ। ਇਸ ਸਬੰਧੀ ਬੀਤੇ ਦਿਨ ਬਹਿਮਾਵਾ ਪਿੰਡ ਦੀ ਪੰਚਾਇਤ ਨੇ ਕਰੀਬ 60-70 ਦਰੱਖਤਾਂ ਦੇ ਵੱਡੇ ਜਾਣ ਬਾਰੇ ਸ਼ਿਕਾਇਤ ਦਰਜ ਕਰਵਾਈ ਸੀ। ਉਧਰ ਜੰਗਲਾਤ ਅਧਿਕਾਰੀਆ ਨੇ ਕਰੀਬ 45 ਦਰੱਖਤਾਂ ਦੀ ਨਿਸ਼ਾਨਦੇਹੀ ਕੀਤੀ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਹੋਰ ਕਈ ਪਿੰਡਾਂ ਦੀਆਂ ਸ਼ਿਕਾਇਤਾਂ ਮਿਲਣ ਉਪਰੰਤ ਰਾਤ ਨੂੰ ਚੈਕਿੰਗ ਲਈ ਨੂੰ ਟੀਮਾਂ ਤਾਇਨਾਤ ਕੀਤੀਆਂ ਹੋਈਆਂ ਹਨ। ਇਕ ਟੀਮ ਵੱਲੋਂ ਬੀਤੀ ਰਾਤ ਭਡਿਆਰਾਂ-ਮੈਰਾ ਜੱਟਾ ਦੇ ਕੋਲ ਕੁਝ ਅਣਪਛਾਤੇ ਲੋਕਾਂ ਨੂੰ ਖੈਰ ਦੀ ਲੱਕੜ ਚੋਰੀ ਕੱਟਦਿਆਂ ਮੌਕੇ ’ਤੇ ਹੀ ਕਾਬੂ ਕਰ ਲਿਆ। ਅਧਿਕਾਰੀਆਂ ਨੇ ਦੱਸਿਆ ਕਿ ਇਸ ਗਿਰੋਹ ਵਿੱਚ ਕੁਝ ਠੇਕੇਦਾਰ ਸ਼ਾਮਲ ਹਨ ਅਤੇ ਪਿੰਡਾਂ ਦੇ ਕੁਝ ਨੌਜਵਾਨ ਵੀ ਸ਼ਾਮਲ ਹਨ, ਜਿਨ੍ਹਾਂ ਨੇ ਵੱਡੇ ਪੱਧਰ ’ਤੇ ਖੈਰ ਦੇ ਦਰੱਖਤ ਵੱਡਣ ਵਿੱਚ ਚੋਰਾਂ ਦਾ ਸਾਥ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਹੋਰ ਵੀ ਤੱਥ ਸਾਹਮਣੇ ਆਉਣ ਦੀ ਸੰਭਾਵਨਾ ਹੈ।