ਐੱਸਏਐੱਸ ਨਗਰ : ਮੋਹਾਲੀ ਪੁਲਿਸ ਨੇ ਇਕ ਠੱਗ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਆਪਣੇ-ਆਪ ਨੂੰ ਆਈਏਐੱਸ ਅਧਿਕਾਰੀ ਦੱਸ ਕੇ ਲੋਕਾਂ ਨੂੰ ਸਰਕਾਰੀ ਨੌਕਰੀਆਂ ਦਿਵਾਉਣ ਦੇ ਭਰੋਸੇ ‘ਤੇ ਠੱਗੀਆਂ ਮਾਰ ਰਿਹਾ ਸੀ। ਮੁਲਜ਼ਮ ਦੀ ਪਛਾਣ ਪਵਨ ਕੁਮਾਰ ਨਿਵਾਸੀ ਰਾਜਸਥਾਨ ਵਜੋਂ ਹੋਈ ਹੈ। ਉਸ ਨੇ ਆਪਣੀ ਕਾਰ ‘ਤੇ ਵੀ ‘ਭਾਰਤ ਸਰਕਾਰ’ ਲਿਖੀ ਨਕਲੀ ਨੰਬਰ ਪਲੇਟ ਲਾਈ ਹੋਈ ਸੀ ਤਾਂ ਜੋ ਉਹ ਅਸਲੀ ਅਧਿਕਾਰੀ ਲੱਗ ਸਕੇ।
ਥਾਣਾ ਫ਼ੇਜ਼1 ਦੀ ਪੁਲਿਸ ਨੇ ਸ਼ੱਕ ਹੋਣ ‘ਤੇ ਮੁਲਜ਼ਮ ਨੂੰ ਕਾਬੂ ਕੀਤਾ। ਪੁਲਿਸ ਨੂੰ ਪਤਾ ਲੱਗਾ ਕਿ ਉਹ ਦੋ ਵਿਅਕਤੀਆਂ ਨੂੰ ਨੌਕਰੀ ਦਾ ਲਾਲਚ ਦੇ ਕੇ ਮੋਹਾਲੀ ਲਿਆਇਆ ਸੀ। ਜਾਂਚ ਦੌਰਾਨ ਖ਼ੁਲਾਸਾ ਹੋਇਆ ਕਿ ਇਹ ਵਿਅਕਤੀ ਵੱਖ-ਵੱਖ ਰਾਜਾਂ ਤੋਂ ਲੋਕਾਂ ਨੂੰ ਲਾਲਚ ਦੇ ਕੇ ਮਹਿੰਗੇ ਹੋਟਲਾਂ ਵਿਚ ਰਿਹਾਇਸ਼ ਦਿਵਾਉਂਦਾ ਅਤੇ ਆਪਣਾ ਪ੍ਰਭਾਵ ਦਿਖਾਉਂਦਾ ਸੀ। ਇਸ ਵਾਰ ਹੋਟਲ ਵਿਚ ਦੋਸਤਾਂ ਨਾਲ ਹੋਈ ਬਹਿਸ ਦੌਰਾਨ ਹੋਟਲ ਕਰਮਚਾਰੀਆਂ ਨੂੰ ਸ਼ੱਕ ਹੋ ਗਿਆ। ਪੁਲਿਸ ਨੂੰ ਸੂਚਨਾ ਮਿਲਣ ‘ਤੇ ਉਸ ਨੂੰ ਹੋਟਲ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ।
ਜਾਂਚ ਵਿਚ ਪਤਾ ਲੱਗਾ ਕਿ ਮੁਲਜ਼ਮ ਵਿਕਲਾਂਗ ਹੈ, ਉਮਰ 30 ਤੋਂ 35 ਸਾਲ ਦੇ ਦਰਮਿਆਨ ਹੈ ਅਤੇ ਮੁੱਖ ਤੌਰ ‘ਤੇ ਹਿੰਦੀ ‘ਚ ਗੱਲਬਾਤ ਕਰਦਾ ਹੈ। ਜਿਸ ਕਾਰ ਆਰ ਜੇ 60 ਸੀ ਏ 5562 ਨੂੰ ਉਹ ਵਰਤ ਰਿਹਾ ਸੀ, ਉਹ ਵੀ ਕਿਸੇ ਹੋਰ ਵਿਅਕਤੀ ਦੀ ਸੀ। ਪੁਲਿਸ ਨੇ ਉਸ ਕੋਲੋਂ ਨਕਲੀ ਆਈਡੀ ਕਾਰਡ ਅਤੇ ਕਈ ਸਰਕਾਰੀ ਵਿਭਾਗਾਂ ਦੇ ਜਾਲੀ ਦਸਤਾਵੇਜ਼ ਵੀ ਬਰਾਮਦ ਕੀਤੇ ਹਨ। ਪੁਲਿਸ ਨੇ ਮੁਲਜ਼ਮ ਨੂੰ ਅਦਾਲਤ ‘ਚ ਪੇਸ਼ ਕਰ ਕੇ ਦੋ ਦਿਨਾਂ ਦਾ ਪੁਲਿਸ ਰਿਮਾਂਡ ਲਿਆ ਗਿਆ ਹੈ।