ਡੇਰਾਬੱਸੀ, Punjab News – Gangster Injured: ਡੇਰਾਬੱਸੀ ਦੇ ਪਿੰਡ ਭਾਂਖਰਪੁਰ ਵਿੱਚ ਪੈਂਦੀ ਘੱਗਰ ਨਦੀ ਵਿੱਚ ਅੱਜ ਪੁਲੀਸ ਅਤੇ ਗੈਂਗਸਟਰਾਂ ਵਿਚਾਲੇ ਗੋਲੀਬਾਰੀ ਹੋ ਗਈ। ਇਸ ਦੌਰਾਨ ਪੁਲੀਸ ਦੀ ਗੋਲੀ ਲੱਗਣ ਨਾਲ ਇਹ ਗੈਂਗਸਟਰ ਜ਼ਖ਼ਮੀ ਹੋ ਗਿਆ, ਜਿਸ ਦੀ ਪਛਾਣ ਮਲਕੀਤ ਉਰਫ਼ ਮੈਕਸੀ ਵਜੋਂ ਹੋਈ ਹੈ, ਜਦਕਿ ਉਸ ਦੇ ਨਾਲ ਉਸ ਦਾ ਸਾਥੀ ਸੰਦੀਪ ਵੀ ਸੀ।
ਇਹ ਦੋਵੇਂ ਗੈਂਗਸਟਰ ਗੋਲਡੀ ਬਰਾੜ ਅਤੇ ਲਾਰੈਂਸ ਬਿਸ਼ਨੋਈ ਗੈਂਗ (Goldy Brar and Lawrence Bishnoi gang) ਨਾਲ ਸਬੰਧਤ ਹਨ।
ਘਟਨਾ ਤੋਂ ਬਾਅਦ ਮੌਕੇ ’ਤੇ ਪਹੁੰਚੇ ਐਸਐਸਪੀ ਮੁਹਾਲੀ ਦੀਪਕ ਪਾਰਿਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੋਵੇਂ ਗੈਂਗਸਟਰਾਂ ਖਿਲਾਫ ਫਿਰੌਤੀ ਅਤੇ ਹੋਰ ਅਪਰਾਧਾਂ ਦੇ ਕਈ ਕੇਸ ਦਰਜ ਹਨ। ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਵੱਲੋਂ ਜ਼ਿਲ੍ਹਾ ਮੁਹਾਲੀ ’ਚ ਵੀ ਵੱਖ-ਵੱਖ ਲੋਕਾਂ ਵੱਲੋਂ ਜਬਰੀ ਵਸੂਲੀ ਕੀਤੀ ਜਾਂਦੀ ਸੀ।
ਇਨ੍ਹਾਂ ਖ਼ਿਲਾਫ਼ 50 ਲੱਖ ਰੁਪਏ ਦੀ ਫਿਰੌਤੀ ਮੰਗਣ ਦੇ ਦੋਸ਼ ਹੇਠ ਇੱਕ ਕੇਸ ਐਰੋ ਸਿਟੀ ਪੁਲੀਸ ਸਟੇਸ਼ਨ ਵਿੱਚ ਦਰਜ ਕੀਤਾ ਗਿਆ ਸੀ, ਜਿਸ ਮਾਮਲੇ ਵਿੱਚ ਦੋਵਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ।
ਪੁਲੀਸ ਮੁਕਾਬਲੇ ’ਚ ਗੈਂਗਸਟਰ ਗੁਰਦੀਪ ਮਾਨਾ ਜ਼ਖ਼ਮੀ
ਪੁਲੀਸ ਰਿਮਾਂਡ ਦੌਰਾਨ ਮੁਲਜ਼ਮਾਂ ਨੇ ਆਪਣੇ ਹਥਿਆਰ ਡੇਰਾਬੱਸੀ ਨੇੜੇ ਘੱਗਰ ਦਰਿਆ ਵਿਚ ਲੁਕਾਏ ਹੋਣ ਦੀ ਗੱਲ ਕਬੂਲੀ ਸੀ। ਉਨ੍ਹਾਂ ਦੀ ਨਿਸ਼ਾਨਦੇਹੀ ’ਤੇ ਡੀਐਸਪੀ ਡੇਰਾਬੱਸੀ ਬਿਕਰਮਜੀਤ ਸਿੰਘ ਬਰਾੜ, ਥਾਣਾ ਮੁਖੀ ਐਰੋ ਸਿਟੀ ਜਸ਼ਨਪ੍ਰੀਤ ਸਿੰਘ ਅਤੇ ਥਾਣਾ ਮੁਖੀ ਡੇਰਾਬੱਸੀ ਮਨਦੀਪ ਸਿੰਘ ਪੁਲੀਸ ਟੀਮ ਨਾਲ ਹਥਿਆਰਾਂ ਦੀ ਰਿਕਵਰੀ ਕਰਨ ਲਈ ਘੱਗਰ ਨਦੀ ਵਿੱਚ ਆਏ ਸੀ।
ਗੈਂਸਟਰ ਨੇ ਲੁਕਾਏ ਹਥਿਆਰ ਨਾਲ ਚਲਾਈ ਸੀ ਗੋਲੀ
ਇਸ ਦੌਰਾਨ ਇੱਕ ਗੈਂਗਸਟਰ ਮਲਕੀਤ ਸਿੰਘ ਨੇ ਮੌਕਾ ਪਾ ਕੇ ਆਪਣੇ ਲੁਕਾਏ ਹੋਏ ਹਥਿਆਰ ਨਾਲ ਪੁਲੀਸ ਟੀਮ ’ਤੇ ਫਾਇਰ ਕਰ ਦਿੱਤਾ, ਜਿਹੜਾ ਪੁਲੀਸ ਦੀ ਗੱਡੀ ’ਚ ਲੱਗਿਆ। ਇਸ ਨੂੰ ਦੇਖਦਿਆਂ ਡੀਐਸਪੀ ਬਿਕਰਮਜੀਤ ਸਿੰਘ ਬਰਾੜ ਅਤੇ ਐਰੋ ਸਿਟੀ ਥਾਣਾ ਮੁਖੀ ਜਸ਼ਨਪ੍ਰੀਤ ਸਿੰਘ ਵੱਲੋਂ ਜਵਾਬੀ ਹਮਲੇ ’ਚ ਇੱਕ-ਇੱਕ ਫਾਇਰ ਕੀਤਾ ਗਿਆ।
ਪੁਲੀਸ ਅਧਿਕਾਰੀਆਂ ਦੀ ਜਵਾਬੀ ਗੋਲੀ ਨਾਲ ਜ਼ਖ਼ਮੀ ਹੋਇਆ ਗੈਂਗਸਟਰ ਮਲਕੀਤ
ਦੋਵਾਂ ਵਿੱਚੋਂ ਇੱਕ ਫਾਇਰ ਗੈਂਗਸਟਰ ਮਲਕੀਤ ਦੇ ਪੈਰ ’ਤੇ ਲੱਗਿਆ, ਜਿਸ ਕਾਰਨ ਉਹ ਜ਼ਖਮੀ ਹੋ ਕੇ ਹੇਠਾਂ ਡਿੱਗ ਗਿਆ। ਇਸ ਤੋਂ ਬਾਅਦ ਪੁਲੀਸ ਨੇ ਉਸ ਨੂੰ ਕਾਬੂ ਕਰ ਲਿਆ। ਐਸਐਸਪੀ ਮੁਹਾਲੀ ਨੇ ਦੱਸਿਆ ਕਿ ਮੌਕੇ ਤੋਂ ਗੈਂਗਸਟਰਾਂ ਵੱਲੋਂ ਚਲਾਇਆ ਗਿਆ ਇੱਕ ਗੋਲੀ ਦਾ ਖੋਲ ਅਤੇ ਫਾਇਰਿੰਗ ਲਈ ਵਰਤਿਆ ਪੁਆਇੰਟ 32 ਬੋਰ ਦਾ ਦੇਸੀ ਕੱਟਾ ਅਤੇ ਤਿੰਨ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ।
ਗੈਂਸਟਰਾਂ ਖ਼ਿਲਾਫ਼ ਗੋਲੀਬਾਰੀ ਸਬੰਧੀ ਵੱਖਰਾ ਕੇਸ ਦਰਜ
ਉਨ੍ਹਾਂ ਨੇ ਦੱਸਿਆ ਕਿ ਪੁੱਛਗਿੱਛ ਵਿੱਚ ਹੋਰ ਹਥਿਆਰਾਂ ਬਾਰੇ ਵੀ ਜਾਣਕਾਰੀ ਮਿਲ ਸਕਦੀ ਹੈ। ਪੁਲੀਸ ਵੱਲੋਂ ਦੋਵੇਂ ਗੈਂਗਸਟਰਾਂ ਖਿਲਾਫ ਇੱਕ ਨਵਾਂ ਕੇਸ ਡੇਰਾਬੱਸੀ ਪੁਲੀਸ ਸਟੇਸ਼ਨ ਵਿੱਚ ਦਰਜ ਕੀਤਾ ਗਿਆ ਹੈ। ਜ਼ਖ਼ਮੀ ਗੈਂਗਸਟਰ ਨੂੰ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਹੈ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।