Bulldozer action in Punjab: ਪੰਜਾਬ ਸਰਕਾਰ ਦੀ ‘ਨਸ਼ਿਆਂ ਖਿਲਾਫ਼ ਲੜਾਈ’ ਮੁਹਿੰਮ ਤਹਿਤ ਪੁਲੀਸ ਤੇ ਪ੍ਰਸ਼ਾਸਨ ਨੇ ਡਰੱਗ ਮਾਫ਼ੀਆ ਖਿਲਾਫ਼ ਸਖ਼ਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸੇ ਕੜੀ ਵਿਚ ਸੋਮਵਾਰ ਦੇਰ ਰਾਤ ਪਿੰਡ ਤਲਵੰਡੀ ਕਲਾਂ ਦੇ ਕਥਿਤ ਨਸ਼ਾ ਤਸਕਰ ਸੋਨੂ ਦੇ ਘਰ ਨਾਜਾਇਜ਼ ਉਸਾਰੀ ’ਤੇ ਬੁਲਡੋਜ਼ਰ ਚਲਾਇਆ ਗਿਆ।
ਸੋਨੂ ਪਿਛਲੇ ਤਿੰਨ ਸਾਲਾਂ ਤੋਂ ਨਸ਼ਾ ਤਸਕਰੀ ਵਿਚ ਸਰਗਰਮ ਸੀ ਤੇ ਉਸ ਖਿਲਾਫ਼ ਪਹਿਲਾਂ ਹੀ ਛੇ ਕੇਸ ਦਰਜ ਹਨ। ਪੁਲੀਸ ਤੇ ਪ੍ਰਸ਼ਾਸਨ ਦੀ ਸਾਂਝੀ ਕਾਰਵਾਈ ਵਿਚ ਗੈਰਕਾਨੂੰਨੀ ਤਰੀਕੇ ਨਾਲ ਬਣਾਏ ਗਏ ਘਰ ਨੂੰ ਢਾਹਿਆ ਗਿਆ।
ਪੰਜਾਬ ਪੁਲੀਸ ਦੇ ਸਿਖਰਲੇ ਅਧਿਕਾਰੀਆਂ ਨੇ ਦੱਸਿਆ ਕਿ ਨਸ਼ਿਆਂ ਦੇ ਕਾਰੋਬਾਰ ਨਾਲ ਜੁੜੇ ਅਪਰਾਧਿਆਂ ਖਿਲਾਫ਼ ਸਖ਼ਤ ਕਾਰਵਾਈ ਦਾ ਫੈਸਲਾ ਕੀਤਾ ਗਿਆ ਹੈ। ਗੈਰਕਾਨੂੰਨੀ ਜਾਇਦਾਦਾਂ ’ਤੇ ਕਾਰਵਾਈ ਨਾਲ ਤਸਕਰਾਂ ਦੀ ਗ੍ਰਿਫ਼ਤਾਰੀ ਵੀ ਕੀਤੀ ਜਾਵੇਗੀ।
ਇਸ ਦੌਰਾਨ ਕਿਸੇ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਸੁਰੱਖਿਆ ਦੇ ਪੁਖਤਾ ਬੰਦੋਬਸਤ ਕੀਤੇ ਗਏ ਸਨ। ਸਥਾਨਕ ਲੋਕਾਂ ਨੇ ਸਰਕਾਰ ਦੀ ਇਸ ਕਾਰਵਾਈ ਦੀ ਸ਼ਲਾਘਾ ਕਰਦਿਆਂ ਉਮੀਦ ਜਤਾਈ ਕਿ ਇਸ ਨਾਲ ਨਸ਼ਿਆਂ ਦੇ ਕਾਰੋਬਾਰ ਨੂੰ ਨੱਥ ਪਏਗੀ।
ਪੁਲੀਸ ਅਧਿਕਾਰੀਆਂ ਨੇ ਸਾਫ਼ ਕਰ ਦਿੱਤਾ ਕਿ ਇਹ ਕਾਰਵਾਈ ਅੱਗੋਂ ਵੀ ਜਾਰੀ ਰਹੇਗੀ ਤੇ ਕਿਸੇ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਥਾਣਾ ਮੁਖੀ ਗੁਰਸ਼ਿੰਦਰ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਆਦੇਸ਼ ਜਾਰੀ ਕੀਤੇ ਗਏ ਸਨ ਕਿ ਜੋ ਵੀ ਵਿਅਕਤੀ ਨਸ਼ੇ ਦਾ ਕਾਰੋਬਾਰ ਕਰ ਰਹੇ ਹਨ ਉਨ੍ਹਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।