ਜਲੰਧਰ -ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਵੱਲੋਂ ਕੁਝ ਦਿਨ ਪਹਿਲਾਂ ਏਅਰ ਇੰਡੀਆ ਦੇ ਜਹਾਜ਼ ਦੀਆਂ ਟੁੱਟੀਆਂ ਸੀਟਾਂ ਦਾ ਮੁੱਦਾ ਉਠਾਉਣ ਤੋਂ ਬਾਅਦ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਵੀ ਟਵੀਟ ਕਰਕੇ ਇੰਡੀਗੋ ਦੇ ਜਹਾਜ਼ ਦੀਆਂ ਟੁੱਟੀਆਂ ਸੀਟਾਂ ਦਾ ਮੁੱਦਾ ਤਸਵੀਰਾਂ ਸਮੇਤ ਉਠਾਇਆ ਹੈ। ਜਾਖੜ ਨੇ ਟਵੀਟ ਕੀਤਾ ਕਿ 27 ਜਨਵਰੀ ਨੂੰ ਇੰਡੀਗੋ ਦੀ ਚੰਡੀਗੜ੍ਹ-ਦਿੱਲੀ ਉਡਾਣ ਦੀਆਂ ਕਈ ਸੀਟਾਂ ’ਚ ਸੁਰੱਖਿਆ ਖਾਮੀਆਂ ਪਾਈਆਂ ਗਈਆਂ। ਸੀਟ ਬੈਲਟ ਠੀਕ ਤਰ੍ਹਾਂ ਨਹੀਂ ਬੰਨ੍ਹੀ ਜਾ ਰਹੀ ਸੀ।
ਜਾਖੜ ਨੇ ਕਿਹਾ ਕਿ ਕੈਬਿਨ ਕਰੂ ਮੈਂਬਰ ਨੇ ਇਸ ਸਬੰਧੀ ਕੁਝ ਵੀ ਕਰਨ ਤੋਂ ਅਸਮਰੱਥਾ ਜ਼ਾਹਰ ਕਰਦਿਆਂ ਕੰਪਨੀ ਦੀ ਵੈੱਬਸਾਈਟ ’ਤੇ ਜਾ ਕੇ ਸ਼ਿਕਾਇਤ ਦਰਜ ਕਰਵਾਉਣ ਲਈ ਕਿਹਾ। ਜਾਖੜ ਨੇ ਕਿਹਾ ਕਿ ਇਹ ਮਾਮਲਾ ਸੀਟਾਂ ਦੀ ਮਾੜੀ ਹਾਲਤ ਜਾਂ ਯਾਤਰੀਆਂ ਦੇ ਆਰਾਮ ਨਾਲ ਸਬੰਧਤ ਨਹੀਂ ਹੈ ਪਰ ਉਹ ਇਸ ਲਈ ਲਿਖ ਰਹੇ ਹਨ ਕਿਉਂਕਿ ਡੀ. ਜੀ. ਸੀ. ਏ. ਇਹ ਯਕੀਨੀ ਬਣਾਵੇ ਕਿ ਇਨ੍ਹਾਂ ਦੋ ਵੱਡੀਆਂ ਏਅਰਲਾਈਨਜ਼ ਦੇ ‘ਚਲਦਾ ਹੈ’ ਵਾਲੇ ਵਰਤਾਓ ਕਾਰਨ ਸੁਰੱਖਿਆ ਨਿਯਮਾਂ ਵਿਚ ਢਿੱਲ ਨਾ ਆਵੇ।