ਅੰਮ੍ਰਿਤਸਰ : ਮਹਾਸ਼ਿਵਰਾਤਰੀ ਦੇ ਮੌਕੇ 152 ਸ਼ਰਧਾਲੂਆਂ ਦਾ ਜੱਥਾ ਸ਼੍ਰੀ ਕਟਾਸਰਾਜ ਧਾਮ ਪਾਕਿਸਤਾਨ ਦੇ ਲਈ ਜੈ ਭੋਲੇ ਨਾਥ ਦੇ ਜੈਕਾਰਿਆਂ ਦੇ ਨਾਲ ਸ਼੍ਰੀ ਦੁਰਗਿਆਣਾ ਤੀਰਥ ਤੋ ਸ਼੍ਰੀ ਠਾਕੁਰ ਜੀ ਦਾ ਆਸ਼ੀਰਵਾਦ ਲੈਣ ਤੋ ਬਾਅਦ ਅਟਾਰੀ ਵਾਘਾ ਬਾਰਡਰ ਲਈ ਰਵਾਨਾ ਹੋਇਆ। ਸ਼੍ਰੀ ਦੁਰਗਿਆਣਾ ਮੰਦਰ ਕਮੇਟੀ ਦੀ ਪ੍ਰਧਾਨ ਪ੍ਰੋ.ਲਕਸ਼ਮੀ ਕਾਂਤਾ ਚਾਵਲਾ ਨੇ ਜੱਥੇ ਦਾ ਸਵਾਗਤ ਕੀਤਾ ਅਤੇ ਅਟਾਰੀ ਵਾਘਾ ਬਾਰਡਰ ਲਈ ਰਵਾਨਾ ਕੀਤਾ।
ਜੱਥੇ ਵਿਚ ਸ਼੍ਰੀ ਸਨਾਤਨ ਧਰਮ ਪ੍ਰਤੀਨਿਧੀ ਸਭਾ ਪੰਜਾਬ ਰਜਿ: ਤੇ ਕੇਂਦਰੀਯ ਸਨਾਤਨ ਧਰਮ ਸਭਾ ਉਤਰੀ ਭਾਰਤ ਦੇ ਸ਼ਰਧਾਲੂ ਸ਼ਾਮਲ ਹਨ। ਸਨਾਤਨ ਧਰਮ ਪ੍ਰਤੀਨਿਧੀ ਸਭਾ ਪੰਜਾਬ ਰਜਿ: ਦੇ ਮੈਨੇਜਰ ਅਰੁਣ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 166 ਦੇ ਕਰੀਬ ਸ਼ਰਧਾਲੂਆਂ ਨੇ ਵੀਜ਼ਾ ਅਪਲਾਈ ਕੀਤੇ ਸੀ, ਜਿੰਨਾ ਵਿਚੋ 152 ਸ਼ਰਧਾਲੂਆਂ ਨੂੰ ਸ਼੍ਰੀ ਕਟਾਸਰਾਜ ਧਾਮ ਪਾਕਿਸਤਾਨ ਜਾਣ ਦੀ ਇਜਾਜ਼ਤ ਮਿਲੀ ਹੈ। ਉਨ੍ਹਾਂ ਦੱਸਿਆ ਕਿ ਪੂਰੇ ਦੇਸ਼ ਦੇ ਵੱਖ ਵੱਖ ਸਟੇਟਾਂ ਤੋ ਸ਼ਰਧਾਲੂ ਯਾਤਰਾ ਵਿਚ ਜਾ ਰਹੇ ਹਨ, ਜ਼ੋ ਕਿ ਸਮੂਹ ਸ਼ਰਧਾਲੂਆਂ ਲਈ ਬਹੁਤ ਹੀ ਖੁਸ਼ੀ ਦੀ ਗੱਲ ਹੈ ਅਤੇ ਸਾਰੇ ਹੀ ਸ਼ਰਧਾਲੂ ਬੜੇ ਹੀ ਖੁਸ਼ਨਸੀਬ ਹਨ, ਜਿੰਨਾ ਨੂੰ ਮਹਾਸ਼ਿਵਰਾਤਰੀ ਦੇ ਮੌਕੇ ਤੇ ਪਾਕਿਸਤਾਨ ਸ਼੍ਰੀ ਕਟਾਸਰਾਜ ਯਾਤਰਾ ਵਿਚ ਜਾਣ ਦਾ ਮੌਕਾ ਮਿਲਿਆ ਹੈ।