ਐੱਸ ਏ ਐੱਸ ਨਗਰ : 2016-17 ਵਿਚ ਵਿਜੀਲੈਂਸ ਨੇ ਮੋਹਾਲੀ ਜ਼ਿਲ੍ਹੇ ਦੇ ਪਿੰਡ ਬਾਕਰਪੁਰ ਵਿਖੇ ਅਮਰੂਦ ਦੇ ਬਾਗ ਘੁਟਾਲੇ ਵਿਚ ਗ੍ਰਿਫ਼ਤਾਰ ਮੁਲਜ਼ਮ ਸੁਖਦੇਵ ਸਿੰਘ ਦੇ ਵਕੀਲ ਵੱਲੋਂ ਪਟੀਸ਼ਨ ਦਾਇਰ ਕੀਤੀ ਗਈ ਸੀ। ਇਸ ਪਟੀਸ਼ਨ ‘ਤੇ ਸੁਖਦੇਵ ਸਿੰਘ ਨੇ ਆਪਣੀ ਜ਼ਮਾਨਤ ਪਟੀਸ਼ਨ ਸਵੀਕਾਰ ਕਰਨ ਦੀ ਬੇਨਤੀ ਕਰਦੇ ਹੋਏ ਕਿਹਾ ਕਿ ਉਨ੍ਹਾਂ ‘ਤੇ ਬਕਾਇਆ ਰਕਮ ਲਗਭਗ 2 ਕਰੋੜ 40 ਲੱਖ 96 ਹਜ਼ਾਰ ਰੁਪਏ ਹੈ, ਜੋ ਉਹ ਅਦਾਲਤ ਵਿਚ ਜਮ੍ਹਾ ਕਰਵਾਉਣਾ ਚਾਹੁੰਦੇ ਹਨ।
ਇਸ ਸਬੰਧੀ ਸੁਖਦੇਵ ਸਿੰਘ ਦੇ ਵਕੀਲ ਐੱਚਐੱਸ ਧਨੋਆ ਨੇ ਸੋਮਵਾਰ ਨੂੰ ਉਕਤ ਰਕਮ ਦਾ ਡੀ ਡੀ ਅਦਾਲਤ ਵਿਚ ਜਮ੍ਹਾ ਕਰਵਾ ਦਿੱਤਾ ਹੈ। ਅਦਾਲਤ ਨੇ ਸੁਖਦੇਵ ਸਿੰਘ ਦੀ ਜ਼ਮਾਨਤ ‘ਤੇ ਫ਼ੈਸਲਾ ਸੁਰੱਖਿਅਤ ਰੱਖ ਲਿਆ ਹੈ। ਹੁਣ ਜ਼ਮਾਨਤ ‘ਤੇ ਫ਼ੈਸਲਾ 21 ਫਰਵਰੀ ਨੂੰ ਸੁਣਾਇਆ ਜਾਵੇਗਾ। ਜ਼ਿਕਰਯੋਗ ਹੈ ਕਿ ਮੁਲਜ਼ਮ ਸੁਖਦੇਵ ਸਿੰਘ, ਜੋ ਕਿ ਚੰਡੀਗੜ੍ਹ ਦਾ ਰਹਿਣ ਵਾਲਾ ਹੈ, ਨੂੰ 11 ਫਰਵਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਵਿਜੀਲੈਂਸ ਦੇ ਅਨੁਸਾਰ, ਸੁਖਦੇਵ ਸਿੰਘ ਨੇ ਸਰਕਾਰੀ ਮੁਲਜ਼ਮਾਂ ਅਤੇ ਹੋਰਾਂ ਨਾਲ ਮਿਲੀਭੁਗਤ ਕਰਕੇ, ਧੋਖਾਧੜੀ ਰਾਹੀਂ ਆਪਣੇ ਅਤੇ ਆਪਣੀ ਪਤਨੀ ਦੇ ਖਾਤਿਆਂ ਵਿਚ ਲਗਪਗ 12 ਕਰੋੜ ਰੁਪਏ ਦਾ ਮੁਆਵਜ਼ਾ ਪ੍ਰਾਪਤ ਕੀਤਾ ਸੀ।
ਸੁਖਦੇਵ ਸਿੰਘ ਨੇ ਇਸ ਅਪਰਾਧਿਕ ਸਾਜ਼ਿਸ਼ ਵਿਚ ਮੁੱਖ ਭੂਮਿਕਾ ਨਿਭਾਈ, ਜਿਸ ਵਿਚ ਧੋਖਾਧੜੀ, ਜਾਅਲਸਾਜ਼ੀ ਅਤੇ ਸਰਕਾਰੀ ਰਿਕਾਰਡ ਨਾਲ ਛੇੜਛਾੜ ਕੀਤੀ ਗਈ, ਜਿਸ ਨਾਲ ਸਰਕਾਰੀ ਖ਼ਜ਼ਾਨੇ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਅਤੇ ਮੁਲਜ਼ਮਾਂ ਨੇ ਰਿਸ਼ਵਤ ਦੇ ਜ਼ਰੀਏ ਗੈਰ-ਕਾਨੂੰਨੀ ਵਿੱਤੀ ਲਾਭ ਵੀ ਪ੍ਰਾਪਤ ਕੀਤਾ। ਇਸ ਦੇ ਨਾਲ ਹੀ ਜਾਂਚ ਦੌਰਾਨ, ਵਿਜੀਲੈਂਸ ਨੇ ਵੇਖਿਆਂ ਕਿ ਮੋਹਾਲੀ ਵਿਚ ਏਅਰੋਟ੍ਰੋਪੋਲਿਸ ਪ੍ਰੋਜੈਕਟ ਲਈ ਜ਼ਮੀਨ ਪ੍ਰਾਪਤੀ ਪ੍ਰਕਿਰਿਆ ਦੌਰਾਨ, ਦੋਸ਼ੀ ਸੁਖਦੇਵ ਸਿੰਘ ਨੇ ਨਕਲੀ ਅਮਰੂਦ ਦੇ ਬਾਗ ਹੋਣ ਲਈ ਗੈਰ-ਕਾਨੂੰਨੀ ਤੌਰ ‘ਤੇ ਵੱਧ ਮੁਆਵਜ਼ਾ ਦਾਅਵਾ ਕਰਨ ਦੇ ਇਰਾਦੇ ਨਾਲ ਪਿੰਡ ਬਾਕਰਪੁਰ ਵਿਚ 3 ਕਨਾਲ 16 ਮਰਲੇ ਜ਼ਮੀਨ ਖਰੀਦੀ ਸੀ। ਇਸ ਤੋਂ ਬਾਅਦ, ਉਸ ਨੇ ਮੁੱਖ ਦੋਸ਼ੀ ਭੁਪਿੰਦਰ ਸਿੰਘ, ਜੋ ਕਿ ਬਾਕਰਪੁਰ ਦਾ ਵਸਨੀਕ ਹੈ, ਨਾਲ ਮਿਲ ਕੇ ਪਿੰਡ ਵਿਚ ਐਕੁਆਇਰ ਕੀਤੀ ਜਾਣ ਵਾਲੀ ਜ਼ਮੀਨ ‘ਤੇ ਪੁਰਾਣੇ ਅਮਰੂਦ ਦੇ ਬਾਗ ਦੀ ਹੋਂਦ ਸਾਬਤ ਕਰਨ ਲਈ ਇੱਕ ਸਾਜ਼ਿਸ਼ ਰਚੀ। ਉਸ ਨੇ ਸਬੰਧਿਤ ਬਾਗ਼ਬਾਨੀ ਵਿਕਾਸ ਅਫ਼ਸਰ ਨਾਲ ਮਿਲੀਭੁਗਤ ਕਰਕੇ ਪੌਦਿਆਂ ਨੂੰ ਤਿੰਨ ਸਾਲ ਤੋਂ ਵੱਧ ਪੁਰਾਣੇ ਅਤੇ ਫਲ ਦੇਣ ਵਾਲੇ ਰੁੱਖਾਂ ਦੀ ਸ਼੍ਰੇਣੀ ਅਧੀਨ ਮੁਆਵਜ਼ੇ ਦੇ ਯੋਗ ਠਹਿਰਾਉਣ ਲਈ ਧੋਖਾਧੜੀ ਕੀਤੀ।