ਕੋਰਬਾ, 23 ਸਤੰਬਰ (ਦਲਜੀਤ ਸਿੰਘ)- ਛੱਤੀਸਗੜ੍ਹ ਦੇ ਕੋਰਬਾ ਜ਼ਿਲ੍ਹੇ ਵਿਚ ਇਕ ਦੁਖ਼ਦ ਘਟਨਾ ਸਾਹਮਣੇ ਆਈ ਹੈ। ਦੁੱਧ ਪੀਣ ਦੀ ਜਿੱਦ ਕਰ ਰਹੇ ਇਕ ਬੱਚੇ ਨੂੰ ਗੁੱਸੇ ’ਚ ਆਈ ਉਸ ਦੀ ਮਾਂ ਨੇ ਜ਼ਮੀਨ ’ਤੇ ਸੁੱਟ ਦਿੱਤਾ, ਜਿਸ ਕਾਰਨ ਬੱਚੇ ਦੀ ਮੌਤ ਹੋ ਗਈ। ਪੁਲਸ ਨੇ ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਕੋਰਬਾ ਜ਼ਿਲ੍ਹੇ ਦੇ ਪੁਲਸ ਅਧਿਕਾਰੀਆਂ ਨੇ ਵੀਰਵਾਰ ਨੂੰ ਦੱਸਿਆ ਕਿ ਬੁੱਧਵਾਰ ਨੂੰ ਜ਼ਿਲ੍ਹੇ ਦੇ ਬਾਲਕੋ ਥਾਣਾ ਅਧੀਨ ਪੈਂਦੇ ਸੈਕਟਰ-5 ’ਚ ਰਹਿੰਦੇ ਢਾਈ ਸਾਲਾ ਸਾਤਵਿਕ ਰਾਵ ਨੇ ਦੁੱਧ ਪੀਣ ਦੀ ਜਿੱਦ ਕੀਤੀ, ਤਾਂ ਉਸ ਦੀ ਮਾਂ ਪ੍ਰਮਿਲਾ ਰਾਵ ਨੇ ਉਸ ਨੂੰ ਜ਼ਮੀਨ ’ਤੇ ਸੁੱਟ ਦਿੱਤਾ, ਜਿਸ ਨਾਲ ਉਸ ਦੀ ਮੌਤ ਹੋ ਗਈ। ਪੁਲਸ ਨੇ ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਪੁਲਸ ਨੂੰ ਜਾਣਕਾਰੀ ਮਿਲੀ ਹੈ ਕਿ ਬੁੱਧਵਾਰ ਸ਼ਾਮ ਸਾਤਵਿਕ ਰਾਵ ਦੁੱਧ ਪੀਣ ਦੀ ਜਿੱਦ ਕਰ ਰਿਹਾ ਸੀ। ਬੱਚੇ ਵਲੋਂ ਵਾਰ-ਵਾਰ ਦੁੱਧ ਮੰਗਣ ਤੋਂ ਮਾਂ ਪ੍ਰਮਿਲਾ ਨੂੰ ਗੁੱਸਾ ਆ ਗਿਆ ਅਤੇ ਉਸ ਨੇ ਆਪਣੇ ਪੁੱਤਰ ਨੂੰ ਫਰਸ਼ ’ਤੇ ਜ਼ੋਰ ਨਾਲ ਸੁੱਟ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਇਸ ਘਟਨਾ ਵਿਚ ਬੱਚਾ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ।
ਜਦੋਂ ਘਟਨਾ ਦੀ ਜਾਣਕਾਰੀ ਪਰਿਵਾਰਕ ਮੈਂਬਰਾਂ ਨੂੰ ਮਿਲੀ ਤਾਂ ਉਹ ਬੱਚੇ ਨੂੰ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਪੁਲਸ ਅਧਿਕਾਰਰੀਆਂ ਨੇ ਦੱਸਿਆ ਕਿ ਘਟਨਾ ਦੌਰਾਨ ਘਰ ’ਚ ਮਹਿਲਾ ਦੀ ਸੱਸ ਅਤੇ ਸਹੁਰਾ ਮੌਜੂਦ ਸਨ। ਪ੍ਰਮਿਲਾ ਦਾ ਪਤੀ ਰਾਮਚੰਦਰ ਰਾਵ ਬਾਲਕੋ ਸਿਖਲਾਈ ਸੈਂਟਰ ਵਿਚ ਪ੍ਰਬੰਧਕ ਹੈ। ਘਟਨਾ ਦੇ ਸਮੇਂ ਉਹ ਘਰ ਤੋਂ ਬਾਹਰ ਸੀ। ਉਨ੍ਹਾਂ ਨੇ ਦੱਸਿਆ ਕਿ ਪੁਲਸ ਨੂੰ ਜਾਣਕਾਰੀ ਮਿਲੀ ਹੈ ਕਿ ਸਾਲ 2014 ਤੋਂ ਪ੍ਰਮਿਲਾ ਦੀ ਮਾਨਸਿਕ ਹਾਲਤ ਠੀਕ ਨਹੀਂ ਹੈ ਅਤੇ ਉਸ ਦਾ ਇਲਾਜ ਚੱਲ ਰਿਹਾ ਹੈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਪੁਲਸ ਨੂੰ ਘਟਨਾ ਦੀ ਜਾਣਕਾਰੀ ਮਿਲੀ, ਤਾਂ ਘਟਨਾ ਵਾਲੀ ਥਾਂ ਲਈ ਪੁਲਸ ਦਲ ਰਵਾਨਾ ਕੀਤਾ ਗਿਆ। ਮਹਿਲਾ ਨੂੰ ਗ੍ਰਿਫ਼ਤਾਰ ਕਰ ਕੇ ਪੁੱਛ-ਗਿੱਛ ਕੀਤੀ ਜਾ ਰਹੀ ਹੈ।