ਗੈਂਗਸਟਰ ਅਰਸ਼ ਡੱਲਾ ਦੇ ਗੁਰਗੇ ਚੜ੍ਹੇ ਪੁਲਸ ਅੜਿੱਕੇ

ਫ਼ਤਹਿਗੜ੍ਹ ਸਾਹਿਬ : ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਪੁਲਸ ਵੱਲੋਂ ਗੈਂਗਸਟਰ ਅਰਸ਼ ਡੱਲਾ ਗੈਂਗ ਦੇ 2 ਗੁਰਗੇ ਕਾਬੂ ਕੀਤੇ ਗਏ ਹਨ। ਉਨ੍ਹਾਂ ਕੋਲੋਂ 5 ਪਿਸਟਲ .32 ਬੋਰ ਸਮੇਤ 05 ਜਿੰਦਾ ਰੌਂਦ, 1 ਐਕਟਿਵਾ ਅਤੇ 2 ਮੋਬਾਈਲ ਬਰਾਮਦ ਕੀਤੇ ਗਏ ਹਨ। ਇਸ ਦਾ ਖੁਲਾਸਾ ਫ਼ਤਹਿਗੜ੍ਹ ਸਾਹਿਬ ਦੀ ਐੱਸ.ਐੱਸ.ਪੀ. ਡਾ. ਰਵਜੋਤ ਕੌਰ ਗਰੇਵਾਲ ਨੇ ਕੀਤਾ, ਉਨ੍ਹਾਂ ਕਿਹਾ ਕਿ ਇਨ੍ਹਾਂ ਮੁਲਜ਼ਮਾਂ ਦਾ ਕੁਨੈਕਸ਼ਨ ਜ਼ੇਲ੍ਹ ਵਿਚ ਵੀ ਹੈ। ਪੁਲਸ ਵੱਲੋਂ ਅਗਲੀ ਪੜਤਾਲ ਜਾਰੀ ਹੈ ਜਿਸ ਵਿਚ ਕਈ ਹੋਰ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ।

ਐੱਸ.ਐੱਸ.ਪੀ. ਡਾ. ਰਵਜੋਤ ਗਰੇਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ DGP ਗੌਰਵ ਯਾਦਵ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਗੈਂਗਸਟਰਾਂ ਅਤੇ ਮਾੜੇ ਅੰਸਰਾਂ ਦੇ ਖ਼ਿਲਾਫ਼ ਵਿੱਢੀ ਮੁਹਿੰਮ ਦੇ ਤਹਿਤ ਰਾਕੇਸ਼ ਯਾਦਵ ਐੱਸ.ਪੀ., ਪੁਲਸ ਇਨਵੈਸਟੀਗੇਸ਼ਨ ਫਤਹਿਗੜ੍ਹ ਸਾਹਿਬ ਅਤੇ ਨਿਖਿਲ ਗਰਗ ਡੀ.ਐੱਸ.ਪੀ. ਇੰਨਵੈਸਟੀਗੇਸ਼ਨ ਫ਼ਤਹਿਗੜ੍ਹ ਸਾਹਿਬ ਦੀਆਂ ਹਦਾਇਤਾਂ ਅਨੁਸਾਰ ਅਮਰਬੀਰ ਸਿੰਘ ਇੰਚਾਰਜ CIA ਸਰਹਿੰਦ ਦੀ ਨਿਗਰਾਨੀ ਹੇਠ CIA ਸਰਹਿੰਦ ਦੀ ਪੁਲਸ ਟੀਮ ਨੇ ਅੰਮ੍ਰਿਤਸਰ ਦੇ ਰਹਿਣ ਵਾਲੇ ਦੋ ਮੁਲਜ਼ਮਾਂ ਤੋਂ 5 ਕੰਟਰੀ ਮੇਡ ਪਿਸਟਲ .32 ਬੋਰ ਸਮੇਤ 05 ਜਿੰਦਾ ਰੋਂਦ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।

ਸੀ.ਆਈ.ਏ. ਦੀ ਟੀਮ ਨੇ ਸਾਹਿਲ ਅਤੇ ਗੁਰਕੀਰਤ ਸਿੰਘ, ਅੰਮ੍ਰਿਤਸਰ ਨੂੰ ਸਰਹਿੰਦ ਵਿਚੋਂ ਕਾਬੂ ਕਰਕੇ ਉਨ੍ਹਾਂ ਕੋਲੋਂ 05 ਕੰਟਰੀ ਮੇਡ ਪਿਸਟਲ .32 ਬੋਰ ਸਮੇਤ 05 ਜਿੰਦਾ ਰੌਂਦ ਬਰਾਮਦ ਕੀਤੇ। ਮੁਲਜ਼ਮਾਂ ਦੇ ਖ਼ਿਲਾਫ਼ ਮੁਕੱਦਮਾ ਨੰਬਰ 12 ਮਿਤੀ 11.02.25 ਆਧ 25 ਅਸਲਾ ਐਕਟ ਥਾਣਾ ਸਰਹਿੰਦ ਵਿਖੇ ਦਰਜ਼ ਕਰਵਾਇਆ ਗਿਆ। ਦੋਸ਼ੀ ਗੁਰਕੀਰਤ ਸਿੰਘ ਇਕ ਸਾਲ ਮਲੇਸ਼ੀਆ ਲਗਾ ਕੇ ਮਈ 2024 ਵਿੱਚ ਵਾਪਸ ਆਇਆ ਹੈ। ਇਹ ਦੋਵੇਂ ਦੋਸ਼ੀ ਗੈਂਗਸਟਰ ਅਰਸ਼ ਡੱਲਾ ਲਈ ਪਟਿਆਲਾ ਜੇਲ੍ਹ ਵਿਚ ਬੰਦ ਦੋਸ਼ੀ ਤੇਜਬੀਰ ਸਿੰਘ ਉਰਫ ਸਾਬੂ ਵਾਸੀ ਅਮ੍ਰਿਤਸਰ ਰਾਂਹੀ ਕੰਮ ਕਰਦੇ ਸਨ, ਜੋ ਕਿ ਕਤਲ ਅਤੇ ਨਜਾਇਜ਼ ਅਸਲਿਆਂ ਦੇ ਮੁਕੱਦਮਿਆਂ ਵਿਚ ਜੇਲ੍ਹ ਵਿਚ ਬੰਦ ਹੈ। ਦੋਸ਼ੀ ਸਾਹਿਲ ਅਤੇ ਤੇਜਬੀਰ ਸਿੰਘ ਅੰਮ੍ਰਿਤਸਰ ਦੇ ਮੁਹੱਲਾ ਸਰੀਫਪੁਰਾ ਦੇ ਰਹਿਣ ਵਾਲੇ ਹਨ, ਇਸ ਕਰਕੇ ਇਹ ਇੱਕ ਦੂਜੇ ਦੇ ਦੋਸਤ ਹਨ। ਤੇਜਬੀਰ ਸਿੰਘ ਉਰਫ ਸਾਬੂ ਗੈਂਗਸਟਰ ਅਰਸ਼ ਡੱਲਾ ਦਾ ਐਸੋਸੀਏਟ ਹੈ, ਜਿਸ ਨੇ ਅੰਮ੍ਰਿਤਸਰ ਵਿਚ ਇੱਕ ਕਤਲ ਦੀ ਵਾਰਦਾਤ ਅਤੇ ਹੋਰ ਵੱਡੀਆ ਵਾਰਦਾਤਾਂ ਤੇ ਫਿਰੋਤੀਆਂ ਨੂੰ ਅੰਜਾਮ ਦੇਣ ਲਈ ਇਨ੍ਹਾਂ ਦੋਸ਼ੀਆਂ ਨੂੰ ਇਹ ਅਸਲੇ ਮੁਹੱਈਆ ਕਰਵਾਏ ਸਨ। ਇਨ੍ਹਾਂ ਨੂੰ ਸਮਾਂ ਰਹਿੰਦਿਆ ਹੀ ਕਾਬੂ ਕਰਕੇ ਕਿਸੇ ਵੱਡੀ ਵਾਰਦਾਤ ਨੂੰ ਹੋਣ ਤੋਂ ਰੋਕਿਆ ਗਿਆ ਹੈ। ਪਟਿਆਲਾ ਜੇਲ੍ਹ ਵਿਚ ਬੰਦ ਦੋਸ਼ੀ ਤੇਜਬੀਰ ਸਿੰਘ ਨੂੰ ਜੇਲ੍ਹ ਵਿਚੋਂ ਲਿਆ ਕੇ ਡੂੰਘਾਈ ਨਾਲ ਪੁੱਛਗਿੱਛ ਕਰਕੇ ਤਫਤੀਸ਼ ਕੀਤੀ ਜਾ ਰਹੀ ਹੈ, ਜਿਸ ਤੇ ਹੋਰ ਵੀ ਅਹਿਮ ਖ਼ੁਲਾਸੇ ਹੋਣ ਦੀ ਉਮੀਦ ਹੈ। ਫਿਲਹਾਲ ਤਿੰਨੋ ਦੋਸ਼ੀ ਪੁਲਸ ਰਿਮਾਂਡ ਤੇ ਹਨ।

Leave a Reply

Your email address will not be published. Required fields are marked *