ਸ੍ਰੀ ਅਨੰਦਪੁਰ ਸਾਹਿਬ -10 ਤੋਂ 12 ਮਾਰਚ ਤੱਕ ਸ੍ਰੀ ਕੀਰਤਪੁਰ ਸਾਹਿਬ ਵਿਚ ਅਤੇ 13 ਤੋਂ 15 ਮਾਰਚ ਤੱਕ ਸ੍ਰੀ ਅਨੰਦਪੁਰ ਸਾਹਿਬ ਵਿੱਚ ਮਨਾਏ ਜਾ ਰਹੇ ਸਾਲਾਨਾ ਕੌਮੀ ਤਿਉਹਾਰ ਹੋਲਾ-ਮਹੱਲਾ ਲਈ ਅੱਜ ਪ੍ਰਸ਼ਾਸਨ ਵੱਲੋਂ ਰੂਟ ਪਲਾਨ ਜਾਰੀ ਕੀਤਾ ਗਿਆ। ਹੋਲਾ-ਮਹੱਲਾ ਮੌਕੇ ਇਨ੍ਹਾਂ ਦੋਵੇਂ ਇਤਿਹਾਸਿਕ ਸਹਿਰਾਂ ਵਿੱਚ ਲੱਖਾਂ ਸ਼ਰਧਾਲੂ ਗੁਰਧਾਮਾਂ ਦੇ ਦਰਸ਼ਨਾਂ ਲਈ ਇੱਥੇ ਪੁੱਜਦੇ ਹਨ। ਹਿਮਾਚਲ ਪ੍ਰਦੇਸ਼, ਗੁਰੂ ਕਾ ਲਾਹੌਰ ਅਤੇ ਉੱਤਰੀ ਭਾਰਤ ਦੇ ਪ੍ਰਸਿੱਧ ਸ਼ਕਤੀ ਪੀਠ ਮਾਤਾ ਸ੍ਰੀ ਨੈਣਾ ਦੇਵੀ ਜੀ ਦੇ ਵੀ ਦਰਸ਼ਨਾਂ ਲਈ ਵੱਡੀ ਗਿਣਤੀ ਸੰਗਤਾਂ ਜਾਂਦੀਆਂ ਹਨ।
ਇਸ ਮੌਕੇ ਸੁਚਾਰੂ ਟ੍ਰੈਫਿਕ ਵਿਵਸਥਾ ਅਤੇ ਮੇਲਾ ਖੇਤਰ ਵਿੱਚ ਸ਼ਰਧਾਲੂਆਂ ਦੇ ਆਵਾਗਮਨ ਲਈ ਪ੍ਰਸਾਸ਼ਨ ਵੱਲੋਂ ਵਿਸੇਸ਼ ਵਿਵਸਥਾ ਕੀਤੀ ਗਈ ਹੈ। ਪੰਜਾਬ, ਹਿਮਾਚਲ ਪ੍ਰਦੇਸ਼ ਹੱਦ ਨਾਲ ਲੱਗਦੇ ਇਨ੍ਹਾਂ ਨਗਰਾਂ ਵਿੱਚ ਬਾਹਰਲੇ ਰਾਜਾਂ ਤੋਂ ਆਉਣ ਵਾਲੇ ਟ੍ਰੈਫਿਕ ਅਤੇ ਕਮਰਸ਼ੀਅਲ ਵਾਹਨਾਂ ਦੇ ਮੇਲਾ ਖੇਤਰ ਵਿੱਚ ਦਾਖ਼ਲ ਹੋਣ ਤੋਂ ਬਿਨਾਂ ਆਉਣ ਜਾਣ ਲਈ ਬਦਲਵੇਂ ਰੂਟ ਤਿਆਰ ਕੀਤੇ ਗਏ ਹਨ, ਜਿਨ੍ਹਾਂ ਦੀ ਜਾਣਕਾਰੀ ਨੂੰ ਜਨਤਕ ਕੀਤਾ ਗਿਆ ਹੈ, ਇਸ ਲਈ ਨਕਸ਼ੇ ਬਣਾ ਕੇ ਰੂਟ ਡਾਈਵਰਜ਼ਨ ਦੇ ਸਾਈਨ ਬੋਰਡ ਲਗਾਏ ਜਾ ਰਹੇ ਹਨ।
ਇਹ ਜਾਣਕਾਰੀ ਮੇਲਾ ਅਫ਼ਸਰ ਕਮ ਉੱਪ ਮੰਡਲ ਮੈਜਿਸਟ੍ਰੇਟ ਜਸਪ੍ਰੀਤ ਸਿੰਘ ਨੇ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਮੇਲਾ ਖੇਤਰ ਵਿਚ ਦਾਖਲੇ ਤੋ ਪਹਿਲਾਂ ਸੁਰੱਖਿਆਂ ਕਰਮਚਾਰੀ ਅਤੇ ਡਿਊਟੀ ‘ਤੇ ਤਾਇਨਾਤ ਸਟਾਫ਼ ਵੱਲੋਂ ਵਾਹਨ ਚਾਲਕਾਂ ਤੱਕ ਜਾਣਕਾਰੀ ਦੇਣ ਦੀ ਵਿਵਸਥਾ ਕੀਤੀ ਹੈ ਪਰ ਜਿਹੜੇ ਰੂਟ ਪਲਾਨ ਤਿਆਰ ਕੀਤੇ ਹਨ, ਉਨ੍ਹਾਂ ਦੀ ਸੂਚਨਾ ਵੀ ਅਗਾਓ ਪਹੁੰਚਾਈ ਜਾ ਰਹੀ ਹੈ।
ਉਨ੍ਹਾਂ ਨੇ ਦੱਸਿਆ ਕਿ ਰੂਪਨਗਰ ਤੋਂ ਬੁੰਗਾ ਸਾਹਿਬ, ਬੁੰਗਾ ਸਾਹਿਬ ਤੋਂ ਕਲਵਾ ਮੋੜ ਵਾਇਆ ਨੂਰਪੁਰ ਬੇਦੀ ਅਤੇ ਝੱਜ ਚੌਂਕ, ਬੁੰਗਾ ਸਾਹਿਬ ਤੋਂ ਮਾਤਾ ਸ੍ਰੀ ਨੈਣਾ ਦੇਵੀ ਜੀ ਅਤੇ ਕੀਰਤਪੁਰ ਸਾਹਿਬ ਅਤੇ ਕੈਂਚੀ ਮੋੜ, ਕਲਵਾ ਮੋੜ ਤੋਂ ਨੰਗਲ, ਕਲਵਾ ਮੋੜ ਤੋਂ ਗੜ੍ਹਸ਼ੰਕਰ, ਨੰਗਲ ਤੋਂ ਚੰਡੇਸਰ (ਸ੍ਰੀ ਅਨੰਦਪੁਰ ਸਾਹਿਬ), ਝੱਜ ਚੌਂਕ ਤੋਂ ਅਗੰਮਪੁਰ (ਸ੍ਰੀ ਅਨੰਦਪੁਰ ਸਾਹਿਬ) ਰੂਟ ਤਿਆਰ ਕੀਤਾ ਗਿਆ ਹੈ। ਉਨ੍ਹਾ ਨੇ ਦੱਸਿਆ ਕਿ ਵਾਹਨ ਚਾਲਕ, ਜੋ ਮੇਲਾ ਖੇਤਰ ਵਿਚ ਦਾਖ਼ਲ ਨਹੀਂ ਹੋਣਾ ਚਾਹੁੰਦੇ, ਉਹ ਇਨ੍ਹਾਂ ਬਦਲਵੇਂ ਰੂਟਾਂ ਰਾਹੀਂ ਆ ਅਤੇ ਜਾ ਸਕਦੇ ਹਨ।