ਸਪੋਰਟਸ ਡੈਸਕ- ਨਾਗਪੁਰ ਦੇ ਵੀ.ਸੀ.ਏ. ਸਟੇਡੀਅਮ ‘ਚ ਖੇਡੇ ਗਏ 3 ਵਨਡੇ ਮੈਚਾਂ ਦੀ ਲੜੀ ਦੇ ਪਹਿਲੇ ਮੁਕਾਬਲੇ ‘ਚ ਭਾਰਤ ਨੇ ਇੰਗਲੈਂਡ ਨੂੰ 4 ਵਿਕਟਾਂ ਨਾਲ ਹਰਾ ਕੇ 1-0 ਦੀ ਬੜ੍ਹਤ ਹਾਸਲ ਕਰ ਲਈ ਹੈ।
ਇੰਗਲੈਂਡ ਨੇ ਪਹਿਲਾਂ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਸੀ, ਜਿਸ ਮਗਰੋਂ ਉਨ੍ਹਾਂ ਦੀ ਟੀਮ ਕਪਤਾਨ ਜਾਸ ਬਟਲਰ (52), ਜੈਕਬ ਬੈਥਲ (51) ਤੇ ਫਿਲ ਸਾਲਟ (43) ਦੀਆਂ ਜੁਝਾਰੂ ਪਾਰੀਆਂ ਦੇ ਬਾਵਜੂਦ 47.4 ਓਵਰਾਂ ‘ਚ 248 ਦੌੜਾਂ ਬਣਾ ਕੇ ਆਲ ਆਊਟ ਹੋ ਗਈ।
249 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਦੀ ਸ਼ੁਰੂਆਤ ਖ਼ਰਾਬ ਰਹੀ ਤੇ ਟੀਮ ਦੇ ਦੋਵੇਂ ਓਪਨਰ ਬਿਨਾਂ ਕੁਝ ਖ਼ਾਸ ਕੀਤੇ ਸਸਤੇ ‘ਚ ਪੈਵੇਲੀਅਨ ਪਰਤ ਗਏ।
ਯਸ਼ਸਵੀ ਜਾਇਸਵਾਲ 15 ਦੌੜਾਂ ਬਣਾ ਕੇ ਜੋਫਰਾ ਆਰਚਰ ਦੀ ਗੇਂਦ ‘ਤੇ ਆਊਟ ਹੋ ਗਏ, ਜਦਕਿ ਕਪਤਾਨ ਰੋਹਿਤ ਸ਼ਰਮਾ ਇਕ ਵਾਰ ਫ਼ਿਰ ਫਲਾਪ ਰਹੇ ਤੇ ਸਿਰਫ਼ 2 ਦੌੜਾਂ ਬਣਾ ਕੇ ਸਾਕਿਬ ਮਹਿਮੂਦ ਦੀ ਗੇਂਦ ‘ਤੇ ਕੈਚ ਆਊਟ ਹੋ ਗਏ।
ਇਸ ਮਗਰੋਂ ਸ਼ੁੱਭਮਨ ਗਿੱਲ ਤੇ ਸ਼੍ਰੇਅਸ ਅਈਅਰ ਨੇ ਭਾਰਤੀ ਪਾਰੀ ਸੰਭਾਲੀ ਤੇ ਟੀਮ ਨੂੰ ਮੁਸ਼ਕਲ ਸਥਿਤੀ ‘ਚੋਂ ਬਾਹਰ ਕੱਢਿਆ। ਸ਼੍ਰੇਅਸ ਅਈਅਰ 36 ਗੇਂਦਾਂ ‘ਚ 9 ਚੌਕੇ ਤੇ 2 ਛੱਕਿਆਂ ਦੀ ਮਦਦ ਨਾਲ 59 ਦੌੜਾਂ ਦੀ ਸ਼ਾਨਦਾਰ ਪਾਰੀ ਖੇਡ ਕੇ ਜੈਕਬ ਬੈਥਲ ਦੀ ਗੇਂਦ ‘ਤੇ ਐੱਲ.ਬੀ.ਡਬਲਯੂ. ਆਊਟ ਹੋਏ।
ਇਸ ਤੋਂ ਬਾਅਦ ਆਏ ਅਕਸ਼ਰ ਪਟੇਲ ਨੇ ਵੀ ਸ਼ੁੱਭਮਨ ਦਾ ਚੰਗਾ ਸਾਥ ਦਿੱਤਾ ਤੇ 47 ਗੇਂਦਾਂ ‘ਚ 6 ਚੌਕੇ ਤੇ 1 ਛੱਕੇ ਦੀ ਮਦਦ ਨਾਲ ਉਨ੍ਹਾਂ ਨੇ ਵੀ ਸ਼ਾਨਦਾਰ ਅਰਧ ਸੈਂਕੜਾ ਜੜਿਆ। ਉਹ ਆਦਿਲ ਰਾਸ਼ਿਦ ਦੀ ਗੇਂਦ ‘ਤੇ ਕਲੀਨ ਬੋਲਡ ਹੋ ਗਏ।
ਧਮਾਕੇਦਾਰ ਪਾਰੀ ਖੇਡਣ ਵਾਲੇ ਸ਼ੁੱਭਮਨ ਗਿੱਲ ਨੂੰ ਸਾਕਿਹ ਮਹਿਮੂਦ ਨੇ ਜਾਸ ਬਟਲਰ ਹੱਥੋਂ ਕੈਚ ਆਊਟ ਕਰਵਾਇਆ, ਪਰ ਆਊਟ ਹੋਣ ਤੋਂ ਪਹਿਲਾਂ ਗਿੱਲ ਦੀ 96 ਗੇਂਦਾਂ ‘ਚ 87 ਦੌੜਾਂ ਦੀ ਪਾਰੀ ਨੇ ਭਾਰਤ ਦੀ ਜਿੱਤ ਤੈਅ ਕਰ ਦਿੱਤੀ ਸੀ।
ਕੇ.ਐੱਲ. ਰਾਹੁਲ 9 ਗੇਂਦਾਂ ‘ਚ ਸਿਰਫ਼ 2 ਦੌੜਾਂ ਬਣਾ ਕੇ ਆਦਿਲ ਰਾਸ਼ਿਦ ਦਾ ਅਗਲਾ ਸ਼ਿਕਾਰ ਬਣੇ। ਅੰਤ ਹਾਰਦਿਕ ਪੰਡਯਾ (9) ਤੇ ਰਵਿੰਦਰ ਜਡੇਜਾ (12) ਨੇ ਟੀਮ ਨੂੰ ਜਿੱਤ ਦੀ ਦਹਿਲੀਜ਼ ਪਾਰ ਕਰਵਾਈ ਤੇ ਟੀਮ ਨੂੰ ਲੜੀ ‘ਚ 1-0 ਦੀ ਬੜ੍ਹਤ ਦਿਵਾਈ।
ਲੜੀ ਦਾ ਅਗਲਾ ਮੁਕਾਬਲਾ ਓਡੀਸ਼ਾ ਦੇ ਕਟਕ ਸਥਿਤ ਬਾਰਾਬਤੀ ਸਟੇਡੀਅਮ ‘ਚ 9 ਫਰਵਰੀ ਨੂੰ ਖੇਡਿਆ ਜਾਵੇਗਾ, ਜਿੱਥੇ ਭਾਰਤੀ ਟੀਮ ਲੜੀ ‘ਤੇ ਕਬਜ਼ਾ ਕਰਨ ਦੇ ਇਰਾਦੇ ਨਾਲ ਮੈਦਾਨ ‘ਤੇ ਉਤਰੇਗੀ, ਉੱਥੇ ਹੀ ਇੰਗਲੈਂਡ ਵਾਪਸੀ ਦੀ ਕੋਸ਼ਿਸ਼ ਕਰਨ ਲਈ ਜ਼ੋਰ ਲਗਾਏਗੀ।