ਚੰਡੀਗੜ੍ਹ, 22 ਸਤੰਬਰ (ਬਿਊਰੋ)– ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਾਂਗਰਸ ਹਾਈ ਕਮਾਂਡ ਨੂੰ ਆਖਿਆ ਕਿ ਉਹ 2022 ਦੀਆਂ ਵਿਧਾਨ ਸਭਾ ਚੋਣਾਂ ਵਾਸਤੇ ਮੁੱਖ ਮੰਤਰੀ ਦੇ ਅਹੁਦੇ ਲਈ ਪਾਰਟੀ ਦਾ ਚਿਹਰਾ ਸਪਸ਼ਟ ਕਰੇ ਅਤੇ ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਉਹ ਮੁੱਖ ਮੰਤਰੀ ਬਦਲ ਕੇ ਆਪਣੀਆਂ ਨਾਕਾਮੀਆਂ ’ਤੇ ਪਰਦਾ ਨਹੀਂ ਪਾ ਸਕਦੀ। ਸਰਦਾਰ ਸੁਖਬੀਰ ਸਿੰਘ ਬਾਦਲ ਇਥੇ ਸੀਨੀਅਰ ਕਾਂਗਰਸੀ ਆਗੂ ਅਤੇ ਪ੍ਰਮੁੱਖ ਉਦਮੀ ਜਗਦੇਵ ਸਿੰਘ ਬੋਪਾਰਾਏ ਦੇ ਅਕਾਲੀ ਦਲ ਵਿਚ ਸ਼ਾਮਲ ਹੋਣ ਮੌਕੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਸਰਦਾਰ ਬੋਪਾਰਾਏ, ਜਿਨ੍ਹਾਂ ਨੇ ਪਾਇਲ ਵਿਧਾਨ ਸਭਾ ਹਲਕੇ ਤੋਂ ਆਪਣੀ ਸਮੁੱਚੀ ਟੀਮ ਸਮੇਤ ਅਕਾਲੀ ਦਲ ਵਿਚ ਸ਼ਮੂਲੀਅਤ ਕੀਤੀ, ਨੇ ਕਿਹਾ ਕਿ ਉਨ੍ਹਾਂ ਦਾ ਕਾਂਗਰਸ ਵਿਚ ਮਨ ਦੁਖੀ ਹੋ ਗਿਆ ਸੀ ਕਿਉਂਕਿ ਕਾਂਗਰਸ ਨੂੰ ਸਿਰਫ ਲੋਕਾਂ ਨੂੰ ਲੁੱਟਣ ਵਿਚ ਦਿਲਚਸਪੀ ਹੈ। ਉਨ੍ਹਾਂ ਐਲਾਨ ਕੀਤਾ ਕਿ ਉਹ ਬਿਨਾਂ ਸ਼ਰਤ ਅਕਾਲੀ ਦਲ ਵਿਚ ਸ਼ਾਮਲ ਹੋਏ ਹਨ ਅਤੇ ਉਹ ਅਕਾਲੀ ਦਲ ਦੀਆਂ ਲੋਕ ਪੱਖੀ ਅਤੇ ਗਰੀਬ ਪੱਖੀ ਨੀਤੀਆਂ ਦਾ ਪਾਇਲ ਹਲਕੇ ਦੇ ਨਾਲ ਦੋਆਬਾ ਵਿਚ ਪ੍ਰਚਾਰ ਕਰਨਗੇ। ਅਕਾਲੀ ਦਲ ਦੇ ਪ੍ਰਧਾਨ ਨੇ ਉਨ੍ਹਾਂ ਨੂੰ ਪਾਰਟੀ ਵਿਚ ਜੀ ਆਇਆ ਕਹਿੰਦਿਆਂ ਭਰੋਸਾ ਦੁਆਇਆ ਕਿ ਉਨ੍ਹਾਂ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ। ਇਸ ਤੋਂ ਪਹਿਲਾਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਪੰਜਾਬੀ ਇਹ ਜਾਨਣਾ ਚਾਹੁੰਦੇ ਹਨ ਕਿ 2022 ਦੀਆਂ ਚੋਣਾਂ ਵਿਚ ਕਾਂਗਰਸ ਪਾਰਟੀ ਵੱਲੋਂ ਮੁੱਖ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਕੌਣ ਹੋਵੇਗਾ। ਉਨ੍ਹਾਂ ਕਿਹਾ ਕਿ ਪਹਿਲਾਂ ਕਾਂਗਰਸ ਹਾਈ ਕਮਾਂਡ ਨੇ ਇਕ ਨਾਂ ਦਾ ਐਲਾਨ ਕਰ ਦਿੱਤਾ ਸੀ ਪਰ ਜਦੋਂ ਇਸ ’ਤੇ ਇਤਰਾਜ਼ ਉਠਿਆ ਤਾਂ ਉਸਨੇ ਦੋਵੇਂ ਨਾਵਾਂ ਦਾ ਐਲਾਨ ਕਰ ਕੇ ਕਹਿ ਦਿੱਤਾ ਕਿ ਦੋਵਾਂ ਦੀ ਅਗਵਾਈ ਹੇਠ ਚੋਣਾਂ ਲੜੀਆ ਜਾਣਗੀਆਂ।
ਉਨ੍ਹਾਂ ਕਿਹਾ ਕਿ ਛੇਤੀ ਹੀ ਇਸ ਕੰਮ ਵਾਸਤੇ ਆਗੂਆਂ ਦੀ ਗਿਣਤੀ ਤਿੰਨ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬੀ ਜਾਨਣਾ ਚਾਹੁੰਦੇ ਹਨ ਕਿ ਅਸਲ ਆਗੂ ਕੌਣ ਹੈ ਕਿਉਂਕਿ ਪਹਿਲਾਂ ਵੀ ਸਿਖ਼ਰਲੀ ਕੁਰਸੀ ਦੀ ਲੜਾਈ ਵਿਚ ਪਹਿਲੀ ਪਸੰਦ ਹੋਰ ਸੀ ਅਤੇ ਫਿਰ ਦੂਜੀ ਪਸੰਦ ਦੀਆਂ ਤਸਵੀਰਾਂ ਜਾਰੀ ਹੋ ਗਈਆਂ ਤੇ ਅਖੀਰ ਵਿਚ ਮੁੱਖ ਮੰਤਰੀ ਵਜੋਂ ਕੋਈ ਹੋਰ ਉਮੀਦਵਾਰ ਸਾਹਮਣੇ ਆ ਗਿਆ। ਸਰਦਾਰ ਬਾਦਲ ਨੇ ਕਿਹਾ ਕਿ ਇਸ ਸਭ ਕੁਝ ਨੇ ਸਾਬਤ ਕੀਤਾ ਹੈ ਕਿ ਕਾਂਗਰਸ ਪਾਰਟੀ ਵਿਚਲੀ ਲੜਾਈ ਦਾ ਲੋਕਾਂ ਦੇ ਮੁੱਦਿਆਂ ਨਾਲ ਕੋਈ ਸਰੋਕਾਰ ਨਹੀਂ ਹੈ ਅਤੇ ਇਹ ਸਿਖ਼ਰਲੀ ਕੁਰਸੀ ਦੀ ਲੜਾਈ ਹੈ। ਉਨ੍ਹਾਂ ਕਿਹਾ ਕਿ ਇਹ ਸੱਤਾ ਹਾਸਲ ਕਰਨ ਦੀ ਲੜਾਈ ਹੈ। ਉਨ੍ਹਾਂ ਕਿਹਾ ਕਿ ਜਿਥੇ ਅਹੁਦਾ ਛੱਡਣ ਵਾਲੀ ਲੀਡਰਸ਼ਿਪ ਨੇ ਸੁਬੇ ਨੂੰ ਲੁੱਟਿਆ, ਉਥੇ ਹੀ ਜਿਸਨੇ ਅਹੁਦਾ ਸੰਭਾਲਿਆ, ਉਹ ਅਗਲੇ ਤਿੰਨ ਮਹੀਨਿਆਂ ਵਿਚ ਇਹੋ ਕੁਝ ਹੀ ਕਰਨਾ ਚਾਹੁੰਦਾ ਹੈ। ਉੁਨ੍ਹਾਂ ਕਿਹਾ ਕਿ ਸੱਚਾਈ ਇਹ ਹੈ ਕਿ ਸਾਰੀ ਕਾਂਗਰਸ ਪਾਰਟੀ ਹੀ ਪੰਜਾਬੀਆਂ ਨੂੰ ਫੇਲ੍ਹ ਕਰਨ ਲਈ ਜ਼ਿੰਮੇਵਾਰ ਹੈ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਪਾਰਟੀ ਦੀ ਚੋਣ ਮਨੋਰਥ ਪੱਤਰ ਕਮੇਟੀ ਦੇ ਪਿੱਛੇ ਸਨ ਅਤੇ ਸਾਰੇ ਵਾਅਦਿਆਂ ਦੀ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰੋੜਤਾ ਕੀਤੀ ਸੀ ਪਰ ਇਨ੍ਹਾਂ ਵਿਚੋਂ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ।