ਪੰਜਾਬ ਰੋਡਵੇਜ਼ ਦੇ ਮੁਲਾਜ਼ਮਾਂ ਨੇ ਚੱਕਰਾਂ ‘ਚ ਪਾ ‘ਤੀ ਪੁਲਸ, ਤਲਾਸ਼ੀ ਲੈਣ ਗਏ ਤਾਂ ਰਹਿ ਗਏ ਹੈਰਾਨ

ਜਲੰਧਰ – ਨਸ਼ਾ ਤਸਕਰਾਂ ‘ਤੇ ਹੋਰ ਸ਼ਿਕੰਜਾ ਕੱਸਦੇ ਹੋਏ ਪੁਲਸ ਕਮਿਸ਼ਨਰ ਸਵਪਨ ਸ਼ਰਮਾ ਦੀ ਅਗਵਾਈ ਹੇਠ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਪੰਜਾਬ ਰੋਡਵੇਜ਼ ਦੇ ਤਿੰਨ ਮੁਲਾਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਕੁੱਲ 55 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਪੁਲਸ ਕਮਿਸ਼ਨਰ ਨੇ ਦੱਸਿਆ ਕਿ ਪੁਲਸ ਕਮਿਸ਼ਨਰੇਟ ਪੁਲਸ ਵੱਲੋਂ ਇਕ ਇਤਲਾਹ ਦੇ ਆਧਾਰ ‘ਤੇ ਬੱਸ ਸਟੈਂਡ ਨੇੜੇ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਉਨ੍ਹਾਂ ਨੇ ਪਾਸਪੋਰਟ ਦਫ਼ਤਰ ਦੇ ਪਾਸਿਓਂ ਇਕ ਵਿਅਕਤੀ ਹੱਥ ਵਿੱਚ ਪੋਲੀਥੀਨ ਦਾ ਲਿਫ਼ਾਫ਼ਾ ਫੜੀ ਪੈਦਲ ਆ ਰਿਹਾ ਵੇਖਿਆ।

ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਕੋਲ ਖੜ੍ਹੀ ਪੁਲਸ ਪਾਰਟੀ ਨੂੰ ਵੇਖ ਕੇ ਘਬਰਾ ਗਿਆ ਅਤੇ ਹੱਥ ‘ਚ ਫੜਿਆ ਪਾਲੀਥਿਨ ਦਾ ਲਿਫ਼ਾਫ਼ਾ ਸੜਕ ਕਿਨਾਰੇ ਸੁੱਟ ਕੇ ਤੇਜ਼ੀ ਨਾਲ ਪਿੱਛੇ ਮੁੜ ਗਿਆ। ਸ੍ਰੀ ਸਵਪਨ ਸ਼ਰਮਾ ਨੇ ਦੱਸਿਆ ਕਿ ਪੁਲਸ ਪਾਰਟੀ ਨੇ ਕਾਰਵਾਈ ਕਰਦੇ ਹੋਏ ਅਜੀਤ ਸਿੰਘ ਉਰਫ਼ ਰਾਜੂ ਪੁੱਤਰ ਅਵਤਾਰ ਸਿੰਘ ਵਾਸੀ ਸੰਜੇ ਗਾਂਧੀ ਨਗਰ ਵਾਰਡ ਨੰ: 13 ਮੱਖੂ ਫਿਰੋਜ਼ਪੁਰ, ਹੁਣ ਐਚ. 121/4 ਮੁਹੱਲਾ ਅਮਰਗੜ੍ਹ ਬਸ਼ੀਰਪੁਰਾ ਰਾਮਾ ਮੰਡੀ ਜਲੰਧਰ ਅਤੇ ਉਸ ਵੱਲੋਂ ਸੁੱਟੇ ਕਾਲੇ ਪੋਲੀਥਿਨ ਲਿਫ਼ਾਫ਼ੇ ‘ਚੋਂ 5 ਗ੍ਰਾਮ ਹੈਰੋਇਨ ਬਰਾਮਦ ਕੀਤੀ।

ਪੁਲਸ ਕਮਿਸ਼ਨਰ ਨੇ ਦੱਸਿਆ ਕਿ ਦੋਸ਼ੀ ਦੇ ਖ਼ਿਲਾਫ਼ ਐੱਫ਼. ਆਈ. ਆਰ. ਨੰਬਰ 18 ਮਿਤੀ 31 ਜਨਵਰੀ ਅਧੀਨ 21-61-85 ਐੱਨ. ਡੀ. ਪੀ. ਐੱਸ. ਐਕਟ, ਬਾਅਦ ਵਿਚ 29 ਐੱਨ. ਡੀ. ਪੀ. ਐੱਸ. ਐਕਟ, ਥਾਣਾ ਡਿਵੀਜ਼ਨ ਨੰਬਰ 6 ਜਲੰਧਰ ਦਰਜ ਕੀਤਾ ਗਿਆ ਸੀ। ਉਸ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਉਸ ਨੇ ਮੰਨਿਆ ਕਿ ਅਜੀਤ ਸਿੰਘ ਉਰਫ਼ ਰਾਜੂ, ਦੀਪਕ ਸ਼ਰਮਾ ਪੁੱਤਰ ਵਰਿੰਦਰ ਕੁਮਾਰ ਸ਼ਰਮਾ ਵਾਸੀ ਐੱਮ. 89 ਸ਼ਹੀਦ ਭਗਤ ਸਿੰਘ ਨਗਰ ਕਾਲੋਨੀ ਜਲੰਧਰ ਅਤੇ ਦੀਪਕ ਸ਼ਰਮਾ, ਕੀਰਤ ਸਿੰਘ ਪੁੱਤਰ ਸਵਰਗੀ ਪ੍ਰੀਤਮ ਸਿੰਘ ਵਾਸੀ ਸੁਲਤਾਨਵਿੰਡ ਥਾਣਾ ਦੋਬੁਰਜੀ ਜ਼ਿਲ੍ਹਾ ਅੰਮ੍ਰਿਤਸਰ, ਪੰਜਾਬ ਰੋਡਵੇਜ਼ ਡਿਪੂ ਜਲੰਧਰ 2 ਵਿੱਚ ਬਤੌਰ ਇੰਸਪੈਕਟਰ ਤਾਇਨਾਤ ਸਨ, ਵੀ ਇਸ ਘਿਨਾਉਣੇ ਅਪਰਾਧ ਵਿੱਚ ਸ਼ਾਮਲ ਸਨ। ਸਵਪਨ ਸ਼ਰਮਾ ਨੇ ਦੱਸਿਆ ਕਿ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 50 ਗ੍ਰਾਮ ਹੈਰੋਇਨ, 20 ਛੋਟੇ ਖਾਲੀ ਪਲਾਸਟਿਕ ਦੇ ਲਿਫ਼ਾਫ਼ੇ ਅਤੇ 01 ਛੋਟੀ ਇਲੈਕਟ੍ਰਾਨਿਕ ਵੇਟ ਮਸ਼ੀਨ ਸਮੇਤ ਬਰਾਮਦ ਕੀਤੀ ਗਈ ਹੈ।

Leave a Reply

Your email address will not be published. Required fields are marked *