ਪੇਪਰਾਂ ਨੂੰ ਲੈ ਕੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਨਵੇਂ ਹੁਕਮ ਜਾਰੀ

ਮੋਹਾਲੀ : ਪ੍ਰੀਖਿਆ ਪ੍ਰਕਿਰਿਆ ਦੀ ਸੁਰੱਖਿਆ ਅਤੇ ਈਮਾਨਦਾਰੀ ਨੂੰ ਯਕੀਨੀ ਬਣਾਉਣ ਲਈ, ਪੰਜਾਬ ਸਕੂਲ ਸਿੱਖਿਆ ਬੋਰਡ ਦੇ ਕੰਟਰੋਲਰ ਲਵਿਸ਼ ਚਾਵਲਾ ਨੇ ਐੱਚ. ਡੀ. ਐੱਫ. ਸੀ. ਬੈਂਕ ਅਤੇ ਪੰਜਾਬ ਅਤੇ ਸਿੰਧ ਬੈਂਕ ਦੇ ਪ੍ਰਤੀਨਿਧਾਂ ਨਾਲ ਇਕ ਮਹੱਤਵਪੂਰਨ ਮੀਟਿੰਗ ਕੀਤੀ। ਇਸ ਮੀਟਿੰਗ ਦਾ ਮੁੱਖ ਉਦੇਸ਼ ਪ੍ਰਸ਼ਨ ਪੱਤਰ ਬਾਕਸਾਂ ਦੀ ਸਹੀ ਢੰਗ ਨਾਲ ਹੈਂਡਲਿੰਗ (ਰੱਖ-ਰਖਾਅ), ਸਟੋਰੇਜ ਅਤੇ ਟਰਾਂਸਪੋਰਟੇਸ਼ਨ ਨੂੰ ਯਕੀਨੀ ਬਣਾਉਣਾ ਸੀ, ਜੋ ਪ੍ਰੀਖਿਆ ਪ੍ਰਕਿਰਿਆ ਦੀ ਗੁਪਤਤਾ ਅਤੇ ਨਿਰਪੱਖਤਾ ਲਈ ਬਹੁਤ ਜ਼ਰੂਰੀ ਹੈ। ਮੀਟਿੰਗ ਦੌਰਾਨ ਕੰਟਰੋਲਰ ਪ੍ਰੀਖਿਆਵਾਂ ਨੇ ਦੋਵਾਂ ਬੈਂਕਾਂ ਨੂੰ ਸਖ਼ਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ, ਜਿਨ੍ਹਾਂ ’ਚ ਪ੍ਰਸ਼ਨ ਪੱਤਰ ਬਾਕਸਾਂ ਦੀ ਦੇਖਭਾਲ ਵਿਚ ਕਿਸੇ ਵੀ ਕਿਸਮ ਦੀ ਲਾਪਰਵਾਹੀ ਨਾ ਕਰਨ ਦੀ ਜ਼ੋਰਦਾਰ ਹਦਾਇਤ ਕੀਤੀ ਗਈ। ਬੈਂਕਾਂ ਨੂੰ ਪ੍ਰੀਖਿਆ ਪ੍ਰਕਿਰਿਆ ਨੂੰ ਕਿਸੇ ਵੀ ਤਰ੍ਹਾਂ ਦੇ ਖ਼ਤਰੇ ਤੋਂ ਬਚਾਉਣ ਲਈ ਇਕ ਮਜ਼ਬੂਤ ਪ੍ਰੋਟੋਕੋਲ ਦੀ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ ਗਏ। ਜਿਵੇਂ ਕਿ ਪਹਿਲਾਂ ਬੈਂਕਾਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਪ੍ਰਸ਼ਨ ਪੱਤਰ ਬਾਕਸ ਸੁਰੱਖਿਅਤ, ਪਹੁੰਚ-ਨਿਯੰਤ੍ਰਿਤ ਜਗ੍ਹਾ ’ਤੇ ਸਟੋਰ ਕੀਤੇ ਜਾਣ, ਜਿੱਥੇ 24 ਘੰਟੇ ਨਿਗਰਾਨੀ ਹੋਵੇ।

ਦੂਜਾ ਕੇਵਲ ਅਧਿਕਾਰਤ ਕਰਮਚਾਰੀਆਂ ਨੂੰ ਹੀ ਬਾਕਸਾਂ ਨੂੰ ਹੈਂਡਲ ਕਰਨ ਦੀ ਇਜਾਜ਼ਤ ਹੋਣੀ ਚਾਹੀਦੀ ਹੈ। ਤੀਜਾ ਪ੍ਰਸ਼ਨ ਪੱਤਰ ਬਾਕਸਾਂ ਦੀ ਢੋਆ-ਢੁਆਈ ਲਈ ਸੁਰੱਖਿਅਤ ਅਤੇ ਟੈਂਪਰ-ਪਰੂਫ ਵਾਹਨਾਂ ਦੀ ਵਰਤੋਂ ਕੀਤੀ ਜਾਵੇ, ਜਿਨ੍ਹਾਂ ਵਿਚ ਰੀਅਲ-ਟਾਈਮ ਟਰੈਕਿੰਗ ਸਿਸਟਮ ਹੋਣ। ਚੌਥਾ ਬੈਂਕਾਂ ਨੂੰ ਪ੍ਰਸ਼ਨ ਪੱਤਰ ਬਾਕਸਾਂ ਨਾਲ ਸਬੰਧਤ ਸਾਰੀਆਂ ਗਤੀਵਿਧੀਆਂ ਦੀ ਵਿਸਤ੍ਰਿਤ ਲੌਗ ਬੁੱਕ ਰੱਖਣੀ ਚਾਹੀਦੀ ਹੈ, ਜਿਸ ਵਿਚ ਸਮਾਂ ਅਤੇ ਕਰਮਚਾਰੀਆਂ ਦਾ ਵੇਰਵਾ ਸ਼ਾਮਲ ਹੋਵੇ।

ਕੰਟਰੋਲਰ ਪ੍ਰੀਖਿਆਵਾਂ ਨੇ ਦੋਵਾਂ ਬੈਂਕਾਂ ਨੂੰ ਸਖ਼ਤ ਹਦਾਇਤ ਦਿੱਤੀ ਕਿ ਕਿਸੇ ਵੀ ਕਿਸਮ ਦੀ ਗਲਤ ਗਤੀਵਿਧੀ ਜਾਂ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਪ੍ਰੋਟੋਕੋਲ ਦੀ ਕਿਸੇ ਕਿਸਮ ਦੀ ਵੀ ਉਲੰਘਣਾ ਦੇ ਗੰਭੀਰ ਨਤੀਜੇ ਹੋਣਗੇ, ਜਿਸ ਵਿਚ ਕਾਨੂੰਨੀ ਕਾਰਵਾਈ ਅਤੇ ਸਬੰਧਤ ਬੈਂਕਾਂ ਨਾਲ ਇਕਰਾਰਨਾਮੇ ਖ਼ਤਮ ਕਰਨਾ ਸ਼ਾਮਲ ਹੋ ਸਕਦਾ ਹੈ। ਕੰਟਰੋਲਰ ਪ੍ਰੀਖਿਆਵਾਂ ਨੇ ਜ਼ੋਰ ਦੇ ਕੇ ਕਿਹਾ ਕਿ ਪ੍ਰੀਖਿਆ ਪ੍ਰਕਿਰਿਆ ਦੀ ਪਵਿੱਤਰਤਾ ਸਭ ਤੋਂ ਮਹੱਤਵਪੂਰਨ ਹੈ ਅਤੇ ਸਾਰਿਆਂ ਨੂੰ ਈਮਾਨਦਾਰੀ ਦੇ ਉੱਚ ਮਿਆਰ ਨੂੰ ਕਾਇਮ ਰੱਖਣ ਲਈ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਐੱਚ. ਡੀ. ਐੱਫ. ਸੀ. ਬੈਂਕ ਅਤੇ ਪੰਜਾਬ ਅਤੇ ਸਿੰਧ ਬੈਂਕ ਨੇ ਕੰਟਰੋਲਰ ਨੂੰ ਆਪਣਾ ਪੂਰਾ ਸਹਿਯੋਗ ਦੇਣ ਅਤੇ ਦਿਸ਼ਾ-ਨਿਰਦੇਸ਼ਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਦੀ ਆਪਣੀ ਪ੍ਰਤੀਬੱਧਤਾ ਜਤਾਈ। ਅੰਤ ਵਿਚ ਕੰਟਰੋਲਰ ਪ੍ਰੀਖਿਆ ਨੇ ਕਿਹਾ ਕੇ ਇਹ ਪ੍ਰਕਿਰਿਆ ਵਿਚ ਪਾਰਦਰਸ਼ਤਾ ਅਤੇ ਜਵਾਬਦੇਹੀ ਨੂੰ ਯਕੀਨੀ ਬਣਾਉਣ ਦੀ ਦਿਸ਼ਾ ਵਿਚ ਇਕ ਸਕਾਰਾਤਮਕ ਕਦਮ ਹੈ, ਜੋ ਵਿਦਿਆਰਥੀਆਂ ਦੇ ਭਵਿੱਖ ਅਤੇ ਸਿੱਖਿਆ ਸੰਸਥਾਵਾਂ ਦੇ ਹਿੱਤਾਂ ਦੀ ਰੱਖਿਆ ਕਰਦਾ ਹੈ।

Leave a Reply

Your email address will not be published. Required fields are marked *