ਮੋਗਾ : ਲੁਟੇਰਿਆਂ ਦੇ ਹੌਂਸਲੇ ਇੰਨੇ ਬੁਲੰਦ ਹਨ ਕਿ ਉਹ ਦਿਨ-ਦਿਹਾੜੇ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਤਾਜ਼ਾ ਮਾਮਲਾ ਮੋਗਾ ਦੇ ਕੋਟ ਈਸੇ ਖਾ ਕਸਬੇ ਦੇ ਪਿੰਡ ਮਾਹਲ ਤੋਂ ਸਾਹਮਣੇ ਆਇਆ ਹੈ। ਇੱਥੇ ਇਕ ਐੱਨ. ਆਰ. ਆਈ. ਦੀ ‘ਕੀਆ ਕਾਰ’ ਦਿਨ-ਦਿਹਾੜੇ ਬੰਦੂਕ ਦੀ ਨੋਕ ‘ਤੇ ਖੋਹ ਲਈ ਗਈ ਅਤੇ ਪੰਜ ਲੁਟੇਰੇ ਕਾਰ ਲੈ ਕੇ ਫਰਾਰ ਹੋ ਗਏ। ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. ਡੀ ਲਵਦੀਪ ਸਿੰਘ ਨੇ ਕਿਹਾ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਪਿੰਡ ਮਾਹਲ ਨੇੜੇ ਕੁਝ ਅਣਪਛਾਤੇ ਵਿਅਕਤੀਆਂ ਨੇ ਮਾਹਲ ਪਿੰਡ ਦੇ ਵਸਨੀਕ ਐੱਨ. ਆਰ. ਆਈ. ਗੁਰਮੀਤ ਸਿੰਘ ਦੀ ਕਾਰ ਖੋਹ ਲਈ ਹੈ। ਪੁਲਸ ਅਫਸਰ ਨੇ ਦੱਸਿਆ ਕਿ ਜਾਂਚ ਦੌਰਾਨ ਪਤਾ ਲੱਗਾ ਕਿ ਇਨ੍ਹਾਂ ਮੁਲਜ਼ਮਾਂ ਨੇ ਕੋਟ ਈਸੇ ਖਾਂ ਵਿਚ ਇਕ ਪੈਟਰੋਲ ਪੰਪ ਤੋਂ ਵੀ ਲੁੱਟ ਕੀਤੀ। ਇਸ ਮਗਰੋਂ ਅੱਜ ਉਕਤ ਲੁਟੇਰਿਆਂ ਨੇ ਮੁੱਦਕੀ ਦੇ ਆੜ੍ਹਤੀਏ ਤੋਂ ਤਿੰਨ ਲੱਖ ਰੁਪਏ ਦੀ ਲੁੱਟ ਕੀਤੀ। ਵਾਰਦਾਤ ਦੌਰਾਨ ਪੁਲਸ ਤੋਂ ਭੱਜਦੇ ਹੋਏ ਇਨ੍ਹਾਂ ਦੀ ਗੱਡੀ ਹਾਦਸੇ ਦੀ ਸ਼ਿਕਾਰ ਹੋ ਗਈ ਅਤੇ ਇਨ੍ਹਾਂ ਨੇ ਸਾਹਮਣੇ ਆ ਰਹੇ ਐੱਨ. ਆਰ. ਆਈ. ਤੋਂ ਕਾਰ ਖੋਹ ਲਈ। ਇਸ ਤੋਂ ਇਲਾਵਾ ਲੁਟੇਰਿਆਂ ਨੇ ਉਸ ਤੋਂ ਢਾਈ ਤੋਲੇ ਸੋਨਾ, 7 ਤੋਲੇ ਚਾਂਦੀ, ਦੋ ਮੋਬਾਇਲ ਅਤੇ 17 ਹਜ਼ਾਰ ਰੁਪਏ ਦੀ ਲੁੱਟ ਕੀਤੀ ਹੈ। ਉਨ੍ਹਾਂ ਕਿਹਾ ਕਿ ਲੁਟੇਰਿਆਂ ਦੀ ਗ੍ਰਿਫ਼ਤਾਰੀ ਲਈ ਮੋਗਾ ਵਿਚ ਅਲਰਟ ਜਾਰੀ ਕੀਤਾ ਗਿਆ ਹੈ।
ਉਕਤ ਲੁਟੇਰੇ ਆਈ 20 ਕਾਰ ਵਿਚ ਆਏ ਸਨ। ਜਿਨ੍ਹਾਂ ਦੀ ਕਾਰ ਪਿੰਡ ਦੇ ਗੇਟ ਨਾਲ ਟਕਰਾਉਣ ਕਰਕੇ ਹਾਦਸਾਗ੍ਰਸਤ ਹੋ ਗਈ। ਇਸ ਦੌਰਾਨ ਜਦੋਂ ਗੁਰਮੀਤ ਸਿੰਘ ਉੱਥੋਂ ਲੰਘਣ ਲੱਗਾ ਤਾਂ ਉਕਤ ਪੰਜ ਲੁਟੇਰਿਆਂ ਨੇ ਬੰਦੂਕ ਦੀ ਨੋਕ ‘ਤੇ ਕਾਰ ਖੋਹ ਲਈ ਅਤੇ ਭੱਜ ਗਏ। ਇਹ ਵੀ ਪਤਾ ਲੱਗਾ ਹੈ ਕਿ ਲੁਟੇਰਿਆਂ ਨੇ ਇਹ ਆਈ 20 ਕਾਰ ਸੁਭਾਨਪੁਰ ਦੇ ਇਕ ਮਕੈਨਿਕ ਤੋਂ ਖੋਹੀ ਸੀ ਅਤੇ ਇਨ੍ਹਾਂ ਮੁਲਜ਼ਮਾਂ ਨੇ ਫਿਰੋਜ਼ਪੁਰ-ਮੋਗਾ ਜ਼ਿਲ੍ਹੇ ਵਿਚ ਕਈ ਅਪਰਾਧਿਕ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ। ਪੁਲਸ ਨੇ ਮੁਲਜ਼ਮਾਂ ਦੀ ਤੇਜ਼ੀ ਨਾਲ ਭਾਲ ਸ਼ੁਰੂ ਕਰ ਦਿੱਤੀ ਹੈ।