ਪਟਿਆਲਾ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਦੀਆਂ ਦੁਸ਼ਮਣ ਤਾਕਤਾਂ ਨੂੰ ਮੂੰਹ-ਤੋੜਵਾਂ ਜਵਾਬ ਦੇਣ ਦਾ ਅਹਿਦ ਲੈਂਦਿਆਂ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਅਮਨ-ਸ਼ਾਂਤੀ, ਫਿਰਕੂ ਸਦਭਾਵਨਾ, ਏਕਤਾ ਅਤੇ ਭਾਈਚਾਰਕ ਸਾਂਝ ਵਿੱਚ ਵਿਘਨ ਪਾਉਣ ਦੇ ਮਨਸੂਬੇ ਕਿਸੇ ਵੀ ਕੀਮਤ ’ਤੇ ਸਫਲ ਨਹੀਂ ਹੋਣ ਦਿੱਤੇ ਜਾਣਗੇ। ਪੋਲੋ ਗਰਾਊਂਡ ਵਿਖੇ 76ਵੇਂ ਗਣਤੰਤਰ ਦਿਵਸ ਮੌਕੇ ਸਮਾਗਮ ਦੌਰਾਨ ਕੌਮੀ ਤਿਰੰਗਾ ਲਹਿਰਾਉਣ ਤੋਂ ਬਾਅਦ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਗੁਰੂਆਂ, ਪੀਰਾਂ-ਪੈਗੰਬਰਾਂ, ਸੰਤਾਂ-ਮਹਾਪੁਰਸ਼ਾਂ ਅਤੇ ਸ਼ਹੀਦਾਂ ਦੀ ਧਰਤੀ ਹੈ ਜੋ ਹਮੇਸ਼ਾ ਭਾਈਚਾਰਕ ਸਾਂਝ ਅਤੇ ਫਿਰਕੂ ਸਦਭਾਵਨਾ ਦੀਆਂ ਮਹਾਨ ਕਦਰਾਂ-ਕੀਮਤਾਂ ਲਈ ਮਾਨਵਤਾ ਦਾ ਮਾਰਗ ਦਰਸ਼ਨ ਕਰਦੀ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਬਹੁਤ ਘਾਲਣਾ ਘਾਲ ਕੇ ਅਮਨ-ਸ਼ਾਂਤੀ ਹਾਸਲ ਕੀਤੀ ਹੈ ਅਤੇ ਉਨ੍ਹਾਂ ਦੀ ਸਰਕਾਰ ਕਿਸੇ ਨੂੰ ਵੀ ਸ਼ਾਂਤੀ ਭੰਗ ਕਰਨ ਹਰਗਿਜ਼ ਇਜਾਜ਼ਤ ਨਹੀਂ ਦੇਵੇਗੀ।
ਮੁੱਖ ਮੰਤਰੀ ਨੇ ਫੁੱਟਪਾਊ ਤਾਕਤਾਂ ਨੂੰ ਤਾੜਨਾ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਫਿਰਕੂ ਪਾੜਾ ਪਾਉਣ ਦੇ ਮਨਸੂਬੇ ਕਿਸੇ ਵੀ ਕੀਮਤ ਉਤੇ ਸਿਰੇ ਨਹੀਂ ਚੜ੍ਹਨ ਦਿਆਂਗੇ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸਮਾਜਿਕ ਸਾਂਝ ਦੀਆਂ ਜੜ੍ਹਾਂ ਏਨੀਆਂ ਡੂੰਘੀਆਂ ਤੇ ਮਜ਼ਬੂਤ ਹਨ ਕਿ ਸੂਬੇ ਦੀ ਜਰਖੇਜ਼ ਜ਼ਮੀਨ ਵਿੱਚ ਕੁਝ ਵੀ ਪੈਦਾ ਕੀਤਾ ਜਾ ਸਕਦਾ ਪਰ ਇੱਥੇ ਨਫ਼ਰਤ ਦੇ ਬੀਜ ਨਹੀਂ ਪੁੰਗਰ ਸਕਦੇ। ਉਨ੍ਹਾਂ ਕਿਹਾ ਕਿ ਟਰੈਕਟਰ, ਜੋ ਕਿ ‘ਖੇਤਾਂ ਦਾ ਰਾਜਾ’ ਹੈ, ਨੂੰ ਕੇਂਦਰ ਸਰਕਾਰ ਦੇ ਬੇਰਹਿਮ ਰਵੱਈਏ ਕਾਰਨ ਖੇਤਾਂ ਵਿੱਚ ਅਨਾਜ ਪੈਦਾ ਕਰਨ ਦੀ ਬਜਾਏ ਦਿੱਲੀ ਦੀਆਂ ਸੜਕਾਂ ਵੱਲ ਦੌੜਨਾ ਪੈਂਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਨੂੰ ਕਿਸਾਨਾਂ ਦੀਆਂ ਮੰਗਾਂ ਨੂੰ ਤੁਰੰਤ ਸਵੀਕਾਰ ਕਰਨਾ ਚਾਹੀਦਾ ਹੈ ਤਾਂ ਜੋ ਉਹ ਦੇਸ਼ ਦੀ ਸੇਵਾ ਹੋਰ ਚੰਗੀ ਤਰ੍ਹਾਂ ਕਰ ਸਕਣ। ਉਨਾਂ ਕਿਹਾ ਕਿ ਕਿਸਾਨਾਂ ਦੀ ਦੁਰਦਸ਼ਾ ਪ੍ਰਤੀ ਕੇਂਦਰ ਸਰਕਾਰ ਦੀ ਲੰਮੀ ਚੁੱਪ ਨੇ ਸੰਵਿਧਾਨਕ ਕਦਰਾਂ-ਕੀਮਤਾਂ ਵਿੱਚ ਵਿਸ਼ਵਾਸ ਰੱਖਣ ਵਾਲੇ ਹਰੇਕ ਭਾਰਤੀ ਨੂੰ ਦੁੱਖ ਪਹੁੰਚਾਇਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਪੰਜਾਬ ਅਤੇ ਇਸ ਦੇ ਮਿਹਨਤਕਸ਼ ਲੋਕਾਂ ਪ੍ਰਤੀ ਮਤਰੇਈ ਮਾਂ ਵਾਲਾ ਸਲੂਕ ਬੰਦ ਕਰਨਾ ਚਾਹੀਦਾ ਹੈ।