ਖਨੌਰੀ : ਖਨੌਰੀ ਕਿਸਾਨ ਮੋਰਚਾ ਵਿਖੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਵੀਰਵਾਰ ਨੂੰ 59ਵੇਂ ਦਿਨ ਵੀ ਜਾਰੀ ਰਿਹਾ। ਡਾਕਟਰਾਂ ਨੇ ਮੈਡੀਕਲ ਬੁਲੇਟਿਨ ਜਾਰੀ ਕਰਦਿਆਂ ਕਿਹਾ ਕਿ ਤਾਜ਼ੀ ਹਵਾ ਅਤੇ ਧੁੱਪ ਆਉਣ ਨਾਲ ਡੱਲੇਵਾਲ ਦੀ ਸਿਹਤ ਹੌਲੀ-ਹੌਲੀ ਠੀਕ ਹੋ ਰਹੀ ਹੈ।
ਇਸ ਮੌਕੇ ਪ੍ਰੈੱਸ ਕਾਨਫਰੰਸ ਕਰਦਿਆਂ ਕਿਸਾਨ ਆਗੂ ਸੁਖਦੇਵ ਸਿੰਘ ਭੋਜਰਾਜ ਨੇ ਦੱਸਿਆ ਕਿ ਖਨੌਰੀ ਕਿਸਾਨ ਮੋਰਚੇ ਵਿਖੇ 28 ਜਨਵਰੀ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਅਤੇ 30 ਜਨਵਰੀ ਨੂੰ ਭੋਗ ਪਾਏ ਜਾਣਗੇ, ਇਸ ਦਿਨ ਵੱਡੀ ਗਿਣਤੀ ਵਿੱਚ ਕਿਸਾਨਾਂ ਨੂੰ ਮੋਰਚੇ ਵਿੱਚ ਪਹੁੰਚਣ ਦੀ ਅਪੀਲ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਐਲਾਨੇ ਪ੍ਰੋਗਰਾਮ ਤਹਿਤ 26 ਜਨਵਰੀ ਨੂੰ 12 ਤੋਂ 1.30 ਵਜੇ ਤੱਕ ਕਿਸਾਨਾਂ ਦੇ ਟਰੈਕਟਰ ਦੇਸ਼ ਭਰ ਦੀਆਂ ਸੜਕਾਂ ‘ਤੇ ਉਤਰਨਗੇ, ਜਿਸ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਡੱਲੇਵਾਲ ਨੇ ਆਪ ਕੁਝ ਨਹੀਂ ਕੀਤਾ, ਵਾਹਿਗੁਰੂ ਨੇ ਕੇਂਦਰ ਸਰਕਾਰ ਨੂੰ ਸਿਆਣਪ ਦੇਣ ਦਾ ਕੰਮ ਕੀਤਾ ਹੈ ਅਤੇ ਉਹ ਇਸੇ ਤਰ੍ਹਾਂ ਮੋਰਚੇ ਨੂੰ ਮਜ਼ਬੂਤ ਕਰਨ ਲਈ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਨ।
ਇਸ ਦੌਰਾਨ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਡੱਲੇਵਾਲ ਨੇ ਪ੍ਰੈੱਸ ਬਿਆਨ ਰਾਹੀਂ ਆਪਣਾ ਸੰਦੇਸ਼ ਜਾਰੀ ਕਰਦਿਆਂ ਕਿਹਾ ਕਿ ਕਿਸਾਨ ਮੋਰਚੇ ਦੀ ਹੁਣ ਤੱਕ ਦੀ ਕਾਮਯਾਬੀ ਵਾਹਿਗੁਰੂ ਤੇ ਗੁਰੂ ਸਾਹਿਬਾਨ ਨੂੰ ਸਮਰਪਿਤ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਉਹਨਾਂ ਦੇ ਅਸ਼ੀਰਵਾਦ ਨਾਲ ਮੋਰਚਾ ਪੂਰਨ ਸਫਲਤਾ ਦੇ ਮੁਕਾਮ ਤੱਕ ਪਹੁੰਚੇਗਾ।