Punjab News: ਸੀਡੀਓ ਵਾਸਤੇ ‘ਵੱਢੀ’ ਲੈਂਦਾ ਹੌਲਦਾਰ ਆਇਆ ਵਿਜੀਲੈਂਸ ਅੜਿੱਕੇ

ਪੰਜਾਬ ਵਿਜੀਲੈਂਸ ਬਿਊਰੋ ਨੇ 5ਵੀਂ ਕਮਾਂਡੋ ਬਟਾਲੀਅਨ ਬਠਿੰਡਾ ਵਿੱਚ ਤਾਇਨਾਤ ਹੌਲਦਾਰ ਨਛੱਤਰ ਸਿੰਘ ਨੂੰ 50 ਹਜ਼ਾਰ ਰੁਪਏ ਕਥਿਤ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਪੁਲੀਸ ਮੁਲਾਜ਼ਮ ਰਿਸ਼ਵਤ ਦੀ ਇਹ ਰਕਮ ਕਮਾਂਡੋ ਡਰਿੱਲ ਅਫ਼ਸਰ (ਸੀਡੀਓ) ਹੌਲਦਾਰ ਤਰਸੇਮ ਸਿੰਘ ਦੇ ਨਾਂ ’ਤੇ ਲੈ ਰਿਹਾ ਸੀ। ਦੂਜੇ ਪਾਸੇ ਸੀਡੀਓ ਗ੍ਰਿਫ਼ਤਾਰੀ ਤੋਂ ਬਚਣ ਲਈ ਫ਼ਰਾਰ ਹੋ ਗਿਆ।

ਇਸ ਸਬੰਧੀ ਵਿਜੀਲੈਂਸ ਬਿਊਰੋ ਦੇ ਥਾਣਾ ਬਠਿੰਡਾ ਰੇਂਜ ਵਿੱਚ ਦੋਵਾਂ ਮੁਲਜ਼ਮਾਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਹ ਗ੍ਰਿਫ਼ਤਾਰੀ 5ਵੀਂ ਕਮਾਂਡੋ ਬਟਾਲੀਅਨ ਵਿੱਚ ਤਾਇਨਾਤ ਇੱਕ ਹੋਰ ਹੌਲਦਾਰ ਪਰਮਿੰਦਰ ਸਿੰਘ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਤੋਂ ਬਾਅਦ ਕੀਤੀ ਗਈ ਹੈ।

ਸ਼ਿਕਾਇਤਕਰਤਾ ਨੇ ਆਪਣੀ ਸ਼ਿਕਾਇਤ ਵਿੱਚ ਦੋਸ਼ ਲਗਾਇਆ ਕਿ ਸੀਡੀਓ ਤਰਸੇਮ ਸਿੰਘ ਨੇ ਉਸ ਨੂੰ ਇੱਕ ਪੁਲੀਸ ਕੇਸ ਕਰਕੇ ਨੌਕਰੀ ਤੋਂ ਦੋ ਸਾਲ ਦੀ ਸਥਾਈ ਬਰਖ਼ਾਸਤਗੀ ਸਬੰਧੀ ਵਿਭਾਗੀ ਜਾਂਚ ਵਿੱਚ ਮੱਦਦ ਕਰਨ ਬਦਲੇ 50 ਹਜ਼ਾਰ ਰੁਪਏ ਦੀ ਮੰਗ ਕੀਤੀ ਸੀ। ਸ਼ਿਕਾਇਤ ਅਨੁਸਾਰ ਤਰਸੇਮ ਸਿੰਘ ਨੇ ਆਪਣੀ ਗ਼ੈਰ ਮੌਜੂਦਗੀ ’ਚ ਸ਼ਿਕਾਇਤਕਰਤਾ ਨੂੰ ਰਿਸ਼ਵਤ ਦੀ ਰਕਮ ਉਸ ਦੇ ਨਾਲ ਤਾਇਨਾਤ ਸਹਾਇਕ ਹੌਲਦਾਰ ਨਛੱਤਰ ਸਿੰਘ ਨੂੰ ਸੌਂਪਣ ਲਈ ਕਿਹਾ ਸੀ।

ਬੁਲਾਰੇ ਨੇ ਦੱਸਿਆ ਕਿ ਇਸ ਜਾਣਕਾਰੀ ’ਤੇ ਕਾਰਵਾਈ ਕਰਦਿਆਂ ਵਿਜੀਲੈਂਸ ਬਿਊਰੋ ਨੇ ਮੁੱਢਲੀ ਜਾਂਚ ਕੀਤੀ ਅਤੇ ਵਿਜੀਲੈਂਸ ਬਿਊਰੋ ਦੀ ਬਠਿੰਡਾ ਯੂਨਿਟ ਦੀ ਟੀਮ ਨੇ ਜਾਲ ਵਿਛਾਇਆ, ਜਿਸ ਦੌਰਾਨ ਹੌਲਦਾਰ ਨਛੱਤਰ ਸਿੰਘ ਨੂੰ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਸ਼ਿਕਾਇਤਕਰਤਾ ਤੋਂ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ।ਬੁਲਾਰੇ ਨੇ ਦੱਸਿਆ ਕਿ ਫਰਾਰ ਹੋਏ ਤਰਸੇਮ ਸਿੰਘ ਨੂੰ ਫੜਨ ਲਈ ਯਤਨ ਜਾਰੀ ਹਨ ਅਤੇ ਮਾਮਲੇ ਦੀ ਹੋਰ ਜਾਂਚ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *