ਖੁੱਲ੍ਹ ਗਿਆ ਏਅਰ ਹੋਸਟਸ ਕੁੜੀ ਦੇ ਕਤਲ ਰਾਜ਼


ਪਟਿਆਲਾ : ਭਾਖੜਾ ਨਹਿਰ ’ਚੋਂ ਮੰਗਲਵਾਰ ਨੂੰ ਮਿਲੀ ਨੌਜਵਾਨ ਕੁੜੀ ਦੀ ਲਾਸ਼ ਦੀ ਪਛਾਣ ਹੋ ਗਈ ਹੈ। ਮ੍ਰਿਤਕ ਕੁੜੀ ਹਿਮਾਚਲ ਦੇ ਮੰਡੀ ਇਲਾਕੇ ਦੀ ਰਹਿਣ ਵਾਲੀ ਨਿਸ਼ਾ (22) ਹੈ। ਦੱਸਿਆ ਜਾ ਰਿਹਾ ਹੈ ਕਿ ਨਿਸ਼ਾ ਦਾ ਕਤਲ ਹੋਇਆ ਹੈ। 22 ਸਾਲਾ ਏਅਰ ਹੋਸਟੇਸ ਵਿਦਿਆਰਥਣ ਦਾ ਦਰਦਨਾਕ ਕਤਲ ਕੀਤਾ ਗਿਆ ਹੈ। ਉਸਦਾ ਕਤਲ ਦਾ ਦੋਸ਼ 33 ਸਾਲਾ ਪੁਲਸ ਮੁਲਾਜ਼ਮ ‘ਤੇ ਲੱਗਾ ਹੈ ਜੋ ਉਸ ਦਾ ਪ੍ਰੇਮੀ ਦੱਸਿਆ ਜਾ ਰਿਹਾ ਹੈ। ਦੋਸ਼ ਹੈ ਕਿ ਉਕਤ ਨੇ ਝੂਠੇ ਬਹਾਨੇ ਬਣਾ ਕੇ ਪਹਿਲਾਂ ਉਸ ਨਾਲ ਦੋਸਤੀ ਕੀਤੀ ਸੀ। ਸੂਤਰਾਂ ਅਨੁਸਾਰ, ਪੁਲਸ ਮੁਲਾਜ਼ਮ ਪੰਜ ਮਹੀਨੇ ਪਹਿਲਾਂ ਕੁਆਰਾ ਹੋਣ ਦਾ ਦਾਅਵਾ ਕਰਕੇ ਨਿਸ਼ਾ ਨੂੰ ਮਿਲਿਆ ਅਤੇ ਉਸ ਨਾਲ ਨਜ਼ਦੀਕੀ ਵਧਾਈ। ਹਾਲਾਂਕਿ, ਜਦੋਂ ਉਸਨੂੰ ਪਤਾ ਲੱਗਾ ਕਿ ਉਸਦੀ ਪਤਨੀ, ਜੋ ਕਿ ਆਸਟ੍ਰੇਲੀਆ ਵਿਚ ਸੀ, ਜਲਦੀ ਹੀ ਵਾਪਸ ਆਵੇਗੀ ਤਾਂ ਉਸਨੇ ਕਥਿਤ ਤੌਰ ‘ਤੇ ਨਿਸ਼ਾ ਨੂੰ ਰੋਪੜ ਬੁਲਾਇਆ ਅਤੇ ਨਹਿਰ ਵਿਚ ਧੱਕ ਦਿੱਤਾ।

ਨਿਸ਼ਾ ਦੀ ਲਾਸ਼ ਭਾਖੜਾ ਨਹਿਰ ਵਿਚੋਂ ਮਿਲੀ। ਮੁਲਜ਼ਮ, ਮੋਹਾਲੀ ਵਿਚ ਤਾਇਨਾਤ ਸੀ। ਜਾਣਕਾਰੀ ਅਨੁਸਾਰ ਨਿਸ਼ਾ ਏਅਰ ਹੋਸਟਸ ਦਾ ਕੋਰਸ ਕਰ ਰਹੀ ਸੀ ਅਤੇ ਚੰਡੀਗੜ੍ਹ ਸੈਕਟਰ 34 ’ਚ ਪੀ. ਜੀ ’ਚ ਰਹਿ ਰਹੀ ਸੀ। ਉਹ 20 ਜਨਵਰੀ ਤੋਂ ਲਾਪਤਾ ਸੀ ਅਤੇ 21 ਜਨਵਰੀ ਦੀ ਸ਼ਾਮ ਨੂੰ ਨਿਸ਼ਾ ਦੀ ਲਾਸ਼ ਭਾਖੜਾ ਨਹਿਰ ’ਚੋਂ ਪਸਿਆਣਾ ਪੁੱਲ ਕੋਲੋਂ ਅਰਧ ਨਗਨ ਹਾਲਤ ’ਚ ਭੋਲੇ ਸ਼ੰਕਰ ਡਾਈਵਰਜ਼ ਕਲੱਬ ਦੇ ਗੋਤਾਖੋਰਾਂ ਨੇ ਬਾਹਰ ਕੱਢੀ।

ਬੁੱਧਵਾਰ ਨੂੰ ਪਰਿਵਾਰਕ ਮੈਂਬਰਾਂ ਨੇ ਰਾਜਿੰਦਰਾ ਹਸਪਤਾਲ ਦੀ ਮੋਰਚਰੀ ’ਚ ਪਹੁੰਚ ਕੇ ਲਾਸ਼ ਦੀ ਪਛਾਣ ਕੀਤੀ, ਜਿਸ ਤੋਂ ਬਾਅਦ ਰੋਪੜ ਜ਼ਿਲ੍ਹੇ ਦੇ ਸਿੰਘ ਭਗਵੰਤਪੁਰ ਥਾਣੇ ਦੀ ਪੁਲਸ ਟੀਮ ਲਾਸ਼ ਨੂੰ ਆਪਣੇ ਕਬਜ਼ੇ ’ਚ ਲੈ ਕੇ ਰੋਪੜ ਲੈ ਗਈ ਜਿੱਥੇ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਨਿਸ਼ਾ ਦੇ ਪ੍ਰੇਮੀ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿੰਘ ਭਗਵੰਤਪੁਰ ਪੁਲਸ ਸਟੇਸ਼ਨ ਦੇ ਇੰਚਾਰਜ ਇੰਸਪੈਕਟਰ ਸੁਨੀਲ ਨੇ ਦੱਸਿਆ ਕਿ ਨਿਸ਼ਾ ਸੋਨੀ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਏਅਰ ਹੋਸਟਸ ਦਾ ਕੋਰਸ ਕਰਨ ਲਈ ਚੰਡੀਗੜ੍ਹ ਆਈ ਸੀ। ਇੱਥੇ ਉਹ ਪੀਜੀ ’ਚ ਰਹਿ ਰਹੀ ਸੀ ਅਤੇ ਉਸ ਦੀ ਦੋਸਤੀ ਯੁਵਰਾਜ ਨਾਮਕ ਨੌਜਵਾਨ ਨਾਲ ਹੋ ਗਈ ਜੋ ਕਿ ਸ੍ਰੀ ਫਤਿਹਗੜ੍ਹ ਸਾਹਿਬ ਦਾ ਰਹਿਣ ਵਾਲਾ ਸੀ।

ਉਨ੍ਹਾਂ ਦੱਸਿਆ ਕਿ 20 ਜਨਵਰੀ ਦੀ ਸ਼ਾਮ ਨੂੰ ਸੀਸੀਟੀਵੀ ਕੈਮਰੇ ਦੀ ਫੁਟੇਜ ’ਚ ਨਿਸ਼ਾ ਨੂੰ ਆਪਣੇ ਪ੍ਰੇਮੀ ਯੁਵਰਾਜ ਨਾਲ ਜਾਂਦੇ ਹੋਏ ਦੇਖਿਆ ਗਿਆ, ਜਿਸ ਤੋਂ ਬਾਅਦ ਉਸ ਦਾ ਫ਼ੋਨ ਲਗਾਤਾਰ ਬੰਦ ਆ ਰਿਹਾ ਸੀ। ਪਰਿਵਾਰ ਨੇ ਪੁਲਸ ਕੋਲ ਨਿਸ਼ਾ ਦੀ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਈ ਸੀ ਅਤੇ ਇਸ ਦੀਆਂ ਤਸਵੀਰਾਂ ਸਾਰੇ ਥਾਣਿਆਂ ਨੂੰ ਭੇਜੀਆਂ ਗਈਆਂ ਸਨ ਜਿਸ ਤੋਂ ਬਾਅਦ ਦੇਰ ਰਾਤ ਰੋਪੜ ਪੁਲਸ ਨਾਲ ਸੰਪਰਕ ਕਰਨ ਤੋਂ ਬਾਅਦ 22 ਜਨਵਰੀ ਨੂੰ ਲਾਸ਼ ਦੀ ਪਛਾਣ ਹੋ ਗਈ। ਉਨ੍ਹਾਂ ਦੱਸਿਆ ਕਿ ਪਰਿਵਾਰਕ ਬਿਆਨਾਂ ਦੇ ਆਧਾਰ ‘ਤੇ ਰੋਪੜ ਪੁਲਸ ਨੇ ਮ੍ਰਿਤਕ ਲੜਕੀ ਦੇ ਪ੍ਰੇਮੀ ਯੁਵਰਾਜ ਵਿਰੁੱਧ ਮਾਮਲਾ ਦਰਜ ਕਰਕੇ ਉਸ ਨੂੰ ਹਿਰਾਸਤ ਵਿਚ ਲੈ ਲਿਆ ਹੈ। ਫਿਲਹਾਲ ਪੁਲਸ ਮੌਤ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।

Leave a Reply

Your email address will not be published. Required fields are marked *