ਖਨੌਰੀ : ਖਨੌਰੀ ਸਰਹੱਦ ‘ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ ਨੂੰ 57ਵੇਂ ਦਿਨ ਵੀ ਜਾਰੀ ਰਿਹਾ। ਟ੍ਰੀਟਮੈਂਟ ਲੈਣ ਕਾਰਨ ਉਨ੍ਹਾਂ ਦੀ ਸਿਹਤ ਵਿਚ ਸੁਧਾਰ ਹੋਣਾ ਸ਼ੁਰੂ ਹੋ ਗਿਆ ਹੈ ਅਤੇ ਉਹ ਹੋਲੀ-ਹੋਲੀ ਗੱਲ ਵੀ ਕਰਨ ਲੱਗ ਪਏ ਹਨ। ਡੱਲੇਵਾਲ ਦੀ ਸਿਹਤ ਬਾਰੇ ਜਾਣਕਾਰੀ ਦਿੰਦਿਆਂ ਐੱਸਐੱਸਪੀ ਡਾ. ਨਾਨਕ ਸਿੰਘ ਨੇ ਦੱਸਿਆ ਕਿ ਸ਼ੁੱਕਰਵਾਰ ਅੱਧੀ ਰਾਤ ਤੋਂ ਪਟਿਆਲਾ ਦੇ ਅੱਠ ਮਾਹਿਰ ਡਾਕਟਰਾਂ ਦੇ ਪੈਨਲ ਵੱਲੋਂ ਜਗਜੀਤ ਸਿੰਘ ਡੱਲੇਵਾਲ ਨੂੰ ਮੁੱਢਲੀ ਸਹਾਇਤਾ ਦਿੱਤੀ ਜਾ ਰਹੀ ਹੈ। ਅੱਜ ਉਹ ਖੁਦ ਡੱਲੇਵਾਲ ਨੂੰ ਮਿਲੇ ਅਤੇ ਦੋ ਦਿਨ ਦੇ ਇਲਾਜ ਤੋਂ ਬਾਅਦ ਡੱਲੇਵਾਲ ਦੀ ਸਿਹਤ ਵਿੱਚ ਕਾਫੀ ਸੁਧਾਰ ਹੋਇਆ ਹੈ।
ਸ਼ੁੱਕਰਵਾਰ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਡੱਲੇਵਾਲ ਲਗਾਤਾਰ 72 ਘੰਟੇ ਪਾਣੀ ਵੀ ਹਜ਼ਮ ਨਹੀਂ ਕਰ ਪਾ ਰਿਹਾ ਸਨ ਅਤੇ ਉਨ੍ਹਾਂ ਨੂੰ ਲਗਾਤਾਰ ਉਲਟੀਆਂ ਆ ਰਹੀਆਂ ਸਨ ਪਰ ਇਲਾਜ ਸ਼ੁਰੂ ਹੋਣ ਤੋਂ ਬਾਅਦ ਉਲਟੀਆਂ ਆਉਣੀਆਂ ਬੰਦ ਹੋ ਗਈਆਂ ਹਨ। ਬੀਪੀ ਵੀ ਠੀਕ ਹੈ ਅਤੇ ਉਹ ਹੋਲੀ-ਹੋਲੀ ਗੱਲ ਵੀ ਕਰਨ ਲੱਗ ਪਏ ਹਨ। ਚਾਰ-ਚਾਰ ਡਾਕਟਰ ਤਿੰਨ ਸ਼ਿਫਟਾਂ ਵਿੱਚ ਉਨ੍ਹਾਂ ਦੀ ਸਿਹਤ ਦੀ ਨਿਗਰਾਨੀ ਕਰ ਰਹੇ ਹਨ। ਡਾਕਟਰ 25 ਨਵੰਬਰ ਨੂੰ ਮਰਨ ਵਰਤ ਸ਼ੁਰੂ ਕਰਨ ਤੋਂ ਪਹਿਲਾਂ 14 ਫਰਵਰੀ ਨੂੰ ਹੋਣ ਵਾਲੀ ਮੀਟਿੰਗ ਤੋਂ ਪਹਿਲਾਂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਨੂੰ ਪਹਿਲਾਂ ਵਾਲੀ ਸਥਿਤੀ ’ਚ ਲਿਆਉਣ ਲਈ ਯਤਨਸ਼ੀਲ ਹਨ। ਇਸ ਦੇ ਲਈ ਡਾਕਟਰ ਲਗਾਤਾਰ ਉਨ੍ਹਾਂ ਦੇ ਇਲਾਜ ‘ਚ ਲੱਗੇ ਹੋਏ ਹਨ।