ਮੁੰਬਈ: ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੀ ਫ਼ਿਲਮ ‘ਐਮਰਜੈਂਸੀ’ 17 ਜਨਵਰੀ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋ ਗਈ ਹੈ ਪਰ ਇਸ ਦੇ ਵਿਵਾਦ ਹਾਲੇ ਵੀ ਰੁਕ ਨਹੀਂ ਰਹੇ ਹਨ। ਬੰਗਲਾਦੇਸ਼ ‘ਚ ਜਿੱਥੇ ‘ਐਮਰਜੈਂਸੀ’ ‘ਤੇ ਪਾਬੰਦੀ ਲੱਗੀ ਹੋਈ ਹੈ, ਉਥੇ ਦੇਸ਼ ‘ਚ ਵੀ ਇਸ ਦਾ ਵਿਰੋਧ ਕਰਨ ਵਾਲੇ ਲੋਕ ਘੱਟ ਨਹੀਂ ਹਨ। ਪੰਜਾਬ ‘ਚ ਲੋਕਾਂ ਦੇ ਭਾਰੀ ਵਿਰੋਧ ਤੋਂ ਬਾਅਦ ਹੁਣ ਸੂਬੇ ‘ਚ ਫ਼ਿਲਮ ਦੀ ਰਿਲੀਜ਼ ‘ਤੇ ਰੋਕ ਲਗਾ ਦਿੱਤੀ ਗਈ ਹੈ।
ਹੁਣ ਕੰਗਨਾ ਨੇ ਆਖੀ ਵੱਡੀ ਗੱਲ
ਹਾਲ ਹੀ ‘ਚ ਕੰਗਨਾ ਰਣੌਤ ਨੇ ਇੱਕ ਵੀਡੀਓ ਸਾਂਝੀ ਕਰਕੇ ਫ਼ਿਲਮ ਨਾ ਲੱਗਣ ‘ਤੇ ਆਪਣੀ ਭਾਵਨਾ ਸਾਂਝੀ ਕੀਤੀ ਹੈ ਅਤੇ ਕਿਹਾ, ”ਮੈਂ ਤੁਹਾਡਾ ਸਾਰਿਆਂ ਦਾ ਦਿਲ ਤੋਂ ਧੰਨਵਾਦ ਕਰਦੀ ਹਾਂ ਕਿ ਤੁਸੀਂ ਸਾਰਿਆਂ ਨੇ ਸਾਡੀ ਫ਼ਿਲਮ ਨੂੰ ਇੰਨਾ ਪਿਆਰ ਦਿੱਤਾ ਅਤੇ ਸਨਮਾਨ ਦਿੱਤਾ। ਸਾਡੇ ਕੋਲ ਸ਼ਬਦ ਨਹੀਂ ਹਨ ਇਸ ਨੂੰ ਵਿਅਕਤ ਕਰਨ ਲਈ ਪਰ ਮੇਰੇ ਦਿਲ ‘ਚ ਅਜੇ ਵੀ ਦਰਦ ਹੈ, ਪੰਜਾਬ…ਇੰਡਸਟਰੀ ‘ਚ ਕਿਹਾ ਜਾਂਦਾ ਸੀ ਕਿ ਪੰਜਾਬ ‘ਚ ਮੇਰੀਆਂ ਫ਼ਿਲਮਾਂ ਸਭ ਤੋਂ ਚੰਗਾ ਪਰਫਾਰਮ ਕਰਦੀਆਂ ਹਨ ਅਤੇ ਅੱਜ ਇੱਕ ਦਿਨ ਹੈ, ਜਦੋਂ ਪੰਜਾਬ ‘ਚ ਮੇਰੀ ਫ਼ਿਲਮ ਨੂੰ ਰਿਲੀਜ਼ ਹੀ ਨਹੀਂ ਹੋਣ ਦਿੱਤਾ ਗਿਆ ਹੈ। ਇਸ ਤਰ੍ਹਾਂ ਦੇ ਹਮਲੇ ਕੈਨੇਡਾ ‘ਚ ਵੀ ਕੀਤੇ ਗਏ ਹਨ, ਕੁੱਝ ਚੋਣਵੇਂ ਲੋਕਾਂ ਨੇ ਅੱਗ ਲਾਈ ਹੋਈ ਹੈ ਅਤੇ ਇਸ ਅੱਗ ‘ਚ ਮੈਂ ਅਤੇ ਤੁਸੀਂ ਜਲ ਰਹੇ ਹਾਂ।” ਅਦਾਕਾਰਾ ਨੇ ਅੱਗੇ ਕਿਹਾ, ”ਦੋਸਤੋ, ਮੇਰੀ ਫ਼ਿਲਮ, ਮੇਰੇ ਵਿਚਾਰ ਅਤੇ ਮੇਰਾ ਦੇਸ਼ ਪ੍ਰਤੀ ਕੀ ਪਿਆਰ ਹੈ, ਉਹ ਇਸ ਫ਼ਿਲਮ ‘ਚ ਪ੍ਰਦਰਸ਼ਿਤ ਹੁੰਦਾ ਹੈ। ਤੁਸੀਂ ਇਹ ਫ਼ਿਲਮ ਖੁਦ ਦੇਖ ਕੇ ਫੈਸਲਾ ਕਰੋ ਕਿ ਇਹ ਫ਼ਿਲਮ ਜੋੜਦੀ ਹੈ ਜਾਂ ਤੋੜਦੀ ਹੈ। ਮੈਂ ਬਸ ਹੋਰ ਨਹੀਂ ਕਹਾਂਗੀ।”