ਚੰਡੀਗੜ੍ਹ, ਦੋ ਵਾਰ ਦੇ ਓਲੰਪਿਕ ਤਗ਼ਮਾ ਜੇਤੂ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਐਤਵਾਰ ਨੂੰ ਹਿਮਾਨੀ ਮੋਰ ਨਾਲ ਆਪਣੇ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਹਿਮਾਨੀ ਮੋਰ, ਜੋ ਖ਼ੁਦ ਇਕ ਟੈਨਿਸ ਖਿਡਾਰਨ ਹੈ, ਹਰਿਆਣਾ ਦੇ ਲਾਰਸੌਲੀ ਨਾਲ ਸਬੰਧਤ ਹੈ ਤੇ ਉਹ ਇਸ ਵੇਲੇ ਅਮਰੀਕਾ ਵਿਚ ਮੈਕਕੋਰਮੈਕ ਇਸਨਬਰਗ ਸਕੂਲ ਆਫ ਮੈਨੇਜਮੈਂਟ ਤੋਂ ਸਪੋਰਟਸ ਮੈਨੇਜਮੈਂਟ ਤੇ ਐਡਮਨਿਸਟਰੇਸ਼ਨ ਵਿਚ ਐੱਮ.ਐੱਸਸੀ. ਕਰ ਰਹੀ ਹੈ। ਚੋਪੜਾ ਨੇ ਹਾਲਾਂਕਿ ਵਿਆਹ ਦੀ ਤਰੀਕ ਤੇ ਵਿਆਹ ਸਮਾਗਮ ਵਾਲੀ ਥਾਂ ਦਾ ਜ਼ਿਕਰ ਨਹੀਂ ਕੀਤਾ। ਚੋਪੜਾ ਦੇ ਰਿਸ਼ਤੇਦਾਰ ਭੀਮ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ ਕਿ ਨੀਰਜ ਤੇ ਹਿਮਾਨੀ ਦਾ ਵਿਆਹ ਦੇਸ਼ ਵਿਚ ਹੀ ਹੋਇਆ ਤੇ ਇਹ ਜੋੜਾ ਹਨੀਮੂਨ ਲਈ ਚਲਾ ਗਿਆ ਹੈ। ਭੀਮ ਨੇ ਪਾਣੀਪਤ ਨੇੜੇ ਖਾਂਡਰਾ ਵਿਚ ਆਪਣੇ ਪਿੰਡ ਵਿਚ ਕਿਹਾ, ‘‘ਵਿਆਹ ਦੋ ਦਿਨ ਪਹਿਲਾਂ ਹੋਇਆ ਹੈ। ਮੈਂ ਵਿਆਹ ਵਾਲੀ ਥਾਂ ਬਾਰੇ ਨਹੀਂ ਦੱਸ ਸਕਦਾ।’’ ਚਾਂਦ ਰਾਮ ਦੀ ਧੀ ਹਿਮਾਨੀ ਮੋਰ ਨਿਊ ਹੈਂਪਸ਼ਾਇਰ ਵਿਚ ਸਪੋਰਟਸ ਮੈਨੇਜਮੈਂਟ ਵਿਚ ਮਾਸਟਰਜ਼ ਡਿਗਰੀ ਕਰ ਰਹੀ ਹੈ। ਮੋਰ ਦਿੱਲੀ ਦੇ ਮਿਰਾਂਡਾ ਹਾਊਸ ਦੀ ਐਲੂਮਨੀ ਹੈ, ਜਿੱਥੋਂ ਉਸ ਨੇ ਰਾਜਨੀਤੀ ਸ਼ਾਸਤਰ ਤੇ ਸਰੀਰਕ ਸਿੱਖਿਆ ਵਿਚ ਬੀਏ ਕੀਤੀ ਹੈ। ਮੋਰ ਦਾ ਭਰਾ ਹਿਮਾਂਸ਼ੂ ਟੈਨਿਸ ਖਿਡਾਰੀ ਹੈ। ਆਲ ਇੰਡੀਆ ਟੈਨਿਸ ਐਸੋਸੀਏਸ਼ਨ (AITA) ਦੀ ਵੈੱਬਸਾਈਟ ਅਨੁਸਾਰ, 2018 ਵਿੱਚ ਹਿਮਾਨੀ ਦੇ ਟੈਨਿਸ ਕਰੀਅਰ ਦੀ ਸਭ ਤੋਂ ਵਧੀਆ ਕੌਮੀ ਦਰਜਾਬੰਦੀ ਸਿੰਗਲਜ਼ ਵਿੱਚ 42 ਅਤੇ ਡਬਲਜ਼ ਵਿੱਚ 27 ਸੀ। ਉਸ ਨੇ 2018 ਵਿੱਚ ਸਿਰਫ AITA ਈਵੈਂਟਸ ਵਿੱਚ ਖੇਡਣਾ ਸ਼ੁਰੂ ਕੀਤਾ ਸੀ। ਮੋਰ ਨੇ ਆਪਣੀ ਸਕੂਲੀ ਪੜ੍ਹਾਈ ਸੋਨੀਪਤ ਦੇ ਲਿਟਲ ਏਂਜਲਸ ਸਕੂਲ ਤੋਂ ਕੀਤੀ। ਮੈਸਾਚਿਊਸੈਟਸ ਦੇ ਐਮਹਰਸਟ ਕਾਲਜ ਨੇ ਉਸ ਨੂੰ ਮਹਿਲਾ ਟੈਨਿਸ ਦੇ ਸਹਾਇਕ ਕੋਚ ਵਜੋਂ ਵੀ ਸੂਚੀਬੱਧ ਕੀਤਾ ਹੈ ਕਿਉਂਕਿ ਜ਼ਿਆਦਾਤਰ ਪ੍ਰਮੁੱਖ ਵਿਦਿਆਰਥੀ ਪੜ੍ਹਾਈ ਦੇ ਨਾਲ-ਨਾਲ ਕੋਈ ਹੋਰ ਕੰਮ ਕਰ ਸਕਦੇ ਹਨ।
Neeraj Chopra got married ਓਲੰਪੀਅਨ ਨੀਰਜ ਚੋਪੜਾ ਵਿਆਹ ਦੇ ਬੰਧਨ ਵਿਚ ਬੱਝਾ
