ਚੰਡੀਗੜ੍ਹ : ਚੰਡੀਗੜ੍ਹ ਸਿੱਖਿਆ ਵਿਭਾਗ ਨੇ ਠੰਡ ਨੂੰ ਦੇਖਦਿਆਂ ਸਰਕਾਰੀ ਸਕੂਲਾਂ ਦਾ ਸਮਾਂ ਬਦਲ ਦਿੱਤਾ ਹੈ। ਵਿਭਾਗ ਨੇ ਸਰਕਾਰੀ ਅਤੇ ਸਹਾਇਤਾ ਪ੍ਰਾਪਤ ਸਕੂਲਾਂ ਦੇ ਸਮੇਂ ’ਚ ਬਦਲਾਅ ਕੀਤਾ ਹੈ। ਅੱਜ ਤੋਂ ਅਧਿਆਪਕਾਂ ਅਤੇ ਸਟਾਫ਼ ਦਾ ਸਮਾਂ ਸਵੇਰੇ 8:45 ਤੋਂ ਦੁਪਹਿਰ 2:45 ਤੱਕ ਹੋਵੇਗਾ।
ਨਾਲ ਹੀ ਬੱਚਿਆਂ ਲਈ ਸਵੇਰੇ 9:30 ਤੋਂ ਦੁਪਹਿਰ 2:30 ਵਜੇ ਤੱਕ ਦਾ ਸਮਾਂ ਨਿਰਧਾਰਿਤ ਕੀਤਾ ਗਿਆ ਹੈ। ਉੱਤਰੀ ਭਾਰਤ ਤੋਂ ਆਉਣ ਵਾਲੀਆਂ ਠੰਡੀਆਂ ਹਵਾਵਾਂ ਕਾਰਨ ਲੋਕ ਪਰੇਸ਼ਾਨ ਹਨ। ਦਿਨ ਵੇਲੇ ਕੰਬਣੀ ਰਹਿੰਦੀ ਹੈ ਅਤੇ ਰਾਤ ਵੇਲੇ ਕੋਹਰਾ ਸਮੱਸਿਆ ਬਣ ਰਿਹਾ ਹੈ। ਅਜਿਹੇ ’ਚ ਸਿੱਖਿਆ ਵਿਭਾਗ ਨੇ ਛੁੱਟੀਆਂ ਵੀ ਵਧਾ ਦਿੱਤੀਆਂ ਹਨ।
ਸਰਕਾਰੀ, ਸਹਾਇਤਾ ਪ੍ਰਾਪਤ ਤੇ ਨਿੱਜੀ ਸਕੂਲਾਂ ’ਚ ਪ੍ਰੀ-ਨਰਸਰੀ ਤੋਂ ਅੱਠਵੀਂ ਜਮਾਤ ਤੱਕ ਦੀਆਂ ਛੁੱਟੀਆਂ 11 ਜਨਵਰੀ ਤੱਕ ਰਹਿਣਗੀਆਂ। 12 ਜਨਵਰੀ ਨੂੰ ਐਤਵਾਰ ਹੈ। ਇਸ ਲਈ ਸਕੂਲ 13 ਜਨਵਰੀ ਨੂੰ ਖੁੱਲ੍ਹਣਗੇ। ਇਸ ਬਾਰੇ ਸਕੂਲ ਸਿੱਖਿਆ ਵਿਭਾਗ ਦੇ ਡਾਇਰੈਕਟਰ ਹਰਸੁਹਿੰਦਰ ਪਾਲ ਸਿੰਘ ਬਰਾੜ ਦਾ ਕਹਿਣਾ ਹੈ ਕਿ ਮੌਸਮ ਨੂੰ ਦੇਖਦਿਆਂ ਪ੍ਰੀ-ਸਕੂਲ ਤੋਂ ਅੱਠਵੀਂ ਜਮਾਤ ਤੱਕ ਦੇ ਬੱਚਿਆਂ ਦੀਆਂ ਛੁੱਟੀਆਂ ਵਧਾਈਆਂ ਗਈਆਂ ਹਨ। ਬਾਕੀ ਬੱਚਿਆਂ ਲਈ ਸਮੇਂ ’ਚ ਬਦਲਾਅ ਕੀਤਾ ਗਿਆ ਹੈ।